13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

2600 ਅਪ੍ਰੈਂਟਸ਼ਿਪ ਯੂਨੀਅਨ ਦੇ 8 ਨੌਜਵਾਨ ਬਿਜਲੀ ਟਾਵਰ 'ਤੇ ਚੜ੍ਹੇ ਲਾਠੀਚਾਰਜ ਅਤੇ ਮੰਗਾਂ ਨਾ ਮੰਨਣ ਕਾਰਨ ਵਧਿਆ ਰੋਸ

ਅਜੀਤ ਡੈਸਕ 11-06-2026
ਪਟਿਆਲਾ, 10 ਜੂਨ (ਧਰਮਿੰਦਰ ਸਿੰਘ ਸਿੱਧੂ)-2600 ਅਪ੍ਰੈਂਟਸ਼ਿਪ ਯੂਨੀਅਨ ਵਲੋਂ ਪਿਛਲੇ 11 ਦਿਨਾਂ ਤੋਂ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ | ਜੋ ਹੁਣ ਨਵਾਂ ਧਾਰਨ ਕਰ ਗਿਆ ਹੈ | ਇਕ ਪਾਸੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲੇ੍ਹ ਵਿਚ ਰੋਸ ਪ੍ਰਦਰਸ਼ਨ ਅਤੇ ਇਕੱਠ ਨੂੰ ਰੋਕਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ | ਜਦੋਂ ਕਿ ਦੂਜੇ ਪਾਸੇ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਅਪ੍ਰੈਂਟਸ਼ਿਪ ਯੂਨੀਅਨ ਦੇ ਮੁਲਾਜਮਾਂ 'ਤੇ ਲਾਠੀਚਾਰਜ ਹੋਣ ਮਗਰੋਂ ਰੋਸ ਹੋਰ ਵੱਧ ਗਿਆ ਹੈ | ਮੌਜੂਦਾ ਸਮੇਂ ਆਪਣੇ ਹੋਰਨਾਂ ਸਾਥੀਆਂ ਨਾਲ ਅਪ੍ਰੈਂਟਸ਼ਿਪ ਯੂਨੀਅਨ ਦੇ 8 ਸਾਥੀਆਂ ਵਲੋਂ ਰੋਸ ਵਜੋਂ ਬੀਤੀ ਕੱਲ੍ਹ ਸ਼ਹਿਰ ਤੋਂ 22 ਕੁ ਕਿੱਲੋਮੀਟਰ ਦੂਰ ਪਟਿਆਲਾ-ਸੰਗਰੂਰ ਰੋਡ ਉੱਤੇ ਪੈਂਦੇ ਗੁਰਦੁਆਰਾ ਪ੍ਰਮੇਸ਼ਰ ਦੁਆਰਾ ਕੋਲ ਪੈਂਦੇ ਪਿੰਡ ਭੇਡਪੁਰਾ ਦੇ ਵੱਡੇ ਬਿਜਲੀ ਟਾਵਰ 'ਤੇ ਜਾ ਚੜੇ ਤੇ ਆਪਣੀਆਂ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ ਹੈ | ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਿਸ ਵਲੋਂ ਵੱਡੀ ਤਾਦਾਦ ਵਿਚ ਪਹੁੰਚ ਕੇ ਪ੍ਰਦਰਸ਼ਨ ਵਾਲੀ ਥਾਂ ਨੂੰ ਘੇਰਿਆ ਗਿਆ | ਇਸ ਮੌਕੇ ਲਗਪਗ ਸੌ ਦੇ ਕਰੀਬ ਅਪ੍ਰੈਂਟਸ਼ਿਪ ਯੂਨੀਅਨ ਦੇ ਮੁਲਾਜ਼ਮ ਟਾਵਰ ਦੇ ਥੱਲੇ ਜਾ ਬੈਠੇ ਅਤੇ ਉਨ੍ਹਾਂ ਵਲੋਂ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਤੇਜ ਪੈ ਰਹੀ ਗਰਮੀ ਕਾਰਨ ਯੂਨੀਅਨ ਦੇ ਕੁਲਦੀਪ ਸਿੰਘ ਜੋ ਪਿਛਲੇ ਕੁਝ ਦਿਨਾਂ ਤੋਂ ਮਰਨ ਵਰਤ ਉਤੇ ਹੈ ਦੀ ਹਾਲਤ ਵਿਗੜ ਗਈ ਅਤੇ ਬੇਹੋਸ਼ ਹੋ ਗਿਆ | ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਐਂਬੂਲੈਂਸ ਵਿਚ ਲਿਜਾਇਆ ਗਿਆ | ਇਸ ਪ੍ਰਦਰਸ਼ਨ 'ਚ ਬੀਤੀ ਰਾਤ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸੀ ਲੀਡਰਸ਼ਿਪ ਧਰਨਾਕਾਰੀਆਂ ਦੇ ਹੱਕ ਵਿਚ ਪਹੁੰਚੀ | ਦੱਸਣਯੋਗ ਹੈ ਕਿ ਪਟਿਆਲਾ ਵਿਖੇ ਹੋਏ ਲਾਠੀਚਾਰਜ ਮਾਮਲੇ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਵੀ ਡੀ.ਆਈ.ਜੀ. ਪਟਿਆਲਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਉਕਤ ਮਾਮਲੇ ਦੀ ਸੁਣਵਾਈ 17 ਜੁਲਾਈ ਨੂੰ ਨਿਰਧਾਰਿਤ ਕੀਤੀ ਹੈ | ਟਾਵਰ 'ਤੇ ਚੜੇ ਅਪ੍ਰੈਂਟਸ਼ਿਪ ਮੁਲਾਜਮਾਂ ਵਲੋਂ ਦੋਸ਼ ਲਗਾਏ ਗਏ ਕਿ ਬਿਜਲੀ ਨਿਗਮ ਮੈਨੇਜਮੈਂਟ ਜਾਣ ਬੁਝ ਕੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀਆਂ ਮਾੜੀਆਂ ਨੀਤੀਆਂ ਕਰਕੇ ਉਹ ਟਾਵਰ 'ਤੇ ਚੜ੍ਹਨ ਨੂੰ ਮਜਬੂਰ ਕੀਤਾ ਹੈ ਅਤੇ ਜਿਨ੍ਹਾਂ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਅਸੀਂ ਧਰਨੇ ਉੱਤੇ ਬੈਠੇ ਰਹਾਂਗੇ |
ਲਾਠੀਚਾਰਜ ਤੋਂ ਬਾਅਦ ਵੀ ਪੁਲਿਸ ਦਾ ਦਬਕਾ ਜਿਉਂ ਦਾ ਤਿਉਂ
ਲੰਘੇ ਦਿਨੀਂ ਬਿਜਲੀ ਨਿਗਮ ਦੇ ਮੁੱਖ ਗੇਟਾਂ ਨੂੰ ਖਾਲੀ ਕਰਵਾਉਣ ਲਈ ਪੁਲਿਸ ਵਲੋਂ ਉਕਤ ਯੂਨੀਅਨ 'ਤੇ ਲਾਠੀਚਾਰਜ ਕੀਤਾ ਗਿਆ ਸੀ ਜਿਸ ਨੂੰ ਸੂਬੇ ਦੇ ਹਰੇਕ ਵਰਗ ਵਲੋਂ ਨਿੰਦਿਆ ਗਿਆ ਸੀ | ਪ੍ਰੰਤੂ ਪੁਲਿਸ ਵਲੋਂ ਅੱਜ ਵੀ ਆਪਣੇ ਦਬਕਿਆਂ ਨੂੰ ਜਿਉਂ ਦਾ ਤਿਉਂ ਰੱਖਦਿਆਂ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਦੀ ਵੀਡੀਓ ਵੀ ਇਹ ਕਹਿੰਦੇ ਹੋਏ ਵਾਇਰਲ ਹੋ ਰਹੀ ਹੈ ਜਿਵੇਂ ਪਟਿਆਲੇ ਪਈਆਂ ਸਨ ਜੁੱਤੀਆਂ ਇਥੇ ਵੀ ਪੈਣਗੀਆਂ | ਇਕ ਹੋਰ ਪੁਲਿਸ ਮੁਲਾਜ਼ਮ ਯੂਨੀਅਨ ਵਲੋਂ ਲਗਾਏ ਟੈਂਟ ਨੂੰ ਪੁੱਟਦਿਆਂ ਟੈਂਟ ਦੇਣ ਵਾਲੇ 'ਤੇ ਪਰਚਾ ਕਰਨ ਦੀ ਧਮਕੀ ਵੀ ਦਿੰਦਾ ਸੁਣਾਈ ਪੈ ਰਿਹਾ ਹੈ | ਪੁਲਿਸ ਵਲੋਂ ਮੌਜੂਦਾ ਸਮੇਂ ਮੀਡੀਆ ਨੂੰ ਟਾਵਰ ਤੋਂ ਦੂਰ ਮੁੱਖ ਸੜਕ ਉੱਤੇ ਰੋਕਿਆ ਜਾ ਰਿਹਾ ਹੈ ਅਤੇ ਹਾਲਾਤ ਨਾਜ਼ੁਕ ਬਣਦੇ ਜਾ ਰਹੇ ਹਨ | ਅੱਜ ਦਿਨ ਭਰ ਹੀ ਟਾਵਰ ਦੇ ਥੱਲੇ ਬੈਠੇ ਨੌਜਵਾਨਾਂ ਨੂੰ ਪੁਲਿਸ ਨੇ ਘੇਰੀ ਰੱਖਿਆ ਅਤੇ ਯੂਨੀਅਨ ਵਲੋਂ ਉੱਥੇ ਲਗਾਏ ਟੈਂਟ ਵੀ ਪੁਲਿਸ ਨੇ ਉਖਾੜ ਸੁੱਟੇ |
ਪਿਛਲੀ ਖ਼ਬਰ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 'ਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਤੇਲ ਅਤੇ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਕਾਂਗਰਸ ਪਾਰਟੀ ਨੇ ਬਨੂੜ ਵਿਖੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।