20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਰੇਹੜੀ ਵਾਲਿਆਂ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ’ਚ ਨਾਕਾਮ ਹੋ ਰਿਹੈ ਨਗਰ ਨਿਗਮ ਤੇ ਜਿਲ੍ਹਾ ਪ੍ਰਸ਼ਾਸਨ

ਅਜੀਤ ਡੈਸਕ 25-06-2026
ਪਟਿਆਲਾ, 24 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਸ਼ਹਿਰ ’ਚ ਆਵਾਜਾਈ ਦੀ ਸਮੱਸਿਆ ਜਿਥੇ ਵਿਕਰਾਲ ਰੂਪ ਧਾਰਨ ਕਰ ਰਹੀ ਹੈ ਉਥੇ ਹੀ ਸ਼ਹਿਰ ਦੇ ਪ੍ਰਮੁੱਖ ਚੌਕਾਂ ’ਤੇ ਰੇਹੜੀਆਂ ਵਾਲਿਆਂ ਨੇ ਆਪ ਮੁਹਾਰੇ ਕੀਤੇ ਕਬਜੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਇਕ ਪਾਸੇ ਸ਼ਹਿਰ ਦੇ ਪ੍ਰਮੁੱਖ ਚੌਕਾਂ ’ਤੇ ਆਵਾਜਾਈ ਕਾਰਨ ਜਾਮ ਲੱਗ ਜਾਂਦੇ ਹਨ ਅਤੇ ਉਥੇ ਹੀ ਦੂਜੇ ਪਾਸੇ ਪ੍ਰਵਾਸੀਆਂ ਵਲੋਂ ਆਪ ਮੁਹਾਰੇ ਰੇਹੜੀਆਂ ਮੁੱਖ ਚੌਕਾਂ, ਸੜਕਾਂ ਅਤੇ ਫੁਟਪਾਥਾਂ ’ਤੇ ਲਗਾ ਕੇ ਆਪਣੇ ਸਮਾਨ ਦੀ ਵਿਕਰੀ ਕੀਤੀ ਜਾਂਦੀ ਹੈ। ਜਿਸ ’ਤੇ ਨਾ ਨਗਰ ਨਿਗਮ ਕਾਰਵਾਈ ਕਰਦਾ ਹੈ ਅਤੇ ਨਾ ਹੀ ਟ੍ਰੈਫਿਕ ਪੁਲਿਸ ਵਲੋਂ ਇਨ੍ਹਾਂ ਰੇਹੜੀਆਂ ਵਾਲਿਆਂ ਨੂੰ ਮੁੱਖ ਚੌਕਾਂ ਦੇ ਨੇੜੇ ਖੜਨ ਤੋਂ ਰੋਕਿਆ ਜਾਂਦਾ ਹੈ। ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਸੜਕਾਂ ਤੇ ਫੁਟਪਾਥਾਂ ਉਤੇ ਲੋਕਾਂ ਦਾ ਹੱਕ ਹੈ ਅਤੇ ਇਸ ਉਤੇ ਕਿਸੇ ਦਾ ਕਬਜਾ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਕਿਧਰੇ ਨਾਜਾਇਜ ਕਬਜਾ ਹੈ ਤਾਂ ਉਸ ਨੂੰ ਤੁਰੰਤ ਹਟਾ ਕੇ ਸੜਕ ਅਤੇ ਫੁਟਪਾਥਾਂ ਨੂੰ ਲੰਘਣਯੋਗ ਬਣਾਉਣਾ ਚਾਹੀਦਾ ਹੈ। ਇਥੇ ਸਵਾਲ ਪੈਦਾ ਹੁੰਦਾ ਕਿ ਇਹ ਰੇਹੜੀ ਵਾਲੇ ਆਖਿਰ ਕਿਸ ਦੀ ਸ਼ਹਿ ਉਤੇ ਮਨਮਰਜੀ ਮੁਤਾਬਿਕ ਵੱਖ ਵੱਖ ਥਾਵਾਂ ਉਤੇ ਰੇਹੜੀਆਂ ਲਗਾਉਣ ਦੇ ਹੱਕ ਰੱਖੀਂ ਬੈਠੇ ਹਨ। ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਇਕ ਮਹੀਨੇ ਵਿਚ ਕਿੰਨੇ ਹੀ ਰੇਹੜੀ ਵਾਲੇ ਨਵੀਆਂ ਥਾਵਾਂ ਲੱਭ ਕੇ ਆਪ ਮੁਹਾਰੇ ਜਾਂ ਕਿਸੇ ਦੀ ਸ਼ਹਿ ’ਤੇ ਆਪਣਾ ਧੰਦਾ ਚਲਾ ਲੈਂਦੇ ਹਨ। ਸੂਤਰਾਂ ਅਨੁਸਾਰ ਕਈ ਸਿਆਸੀ ਆਕਾਵਾਂ ਦੇ ਨੇੜਲੇ ਆਪਣਾ ਰਸੂਖ ਵਰਤ ਕੇ ਰੇਹੜੀ ਵਾਲਿਆਂ ਨੂੰ ਸ਼ਹਿ ਦਿੰਦੇ ਅਤੇ ਹਫਤਾ, ਮਹੀਨਾ ਵਸੂਲਦੇ ਹਨ ਜਿਸ ਕਰਕੇ ਉਨ੍ਹਾਂ ਦਾ ਵੀ ਧੰਦਾ ਨਾਲੋਂ ਨਾਲ ਚੱਲਦਾ ਰਹਿੰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਸਿਆਸੀ ਰਸੂਖ ਵਾਲਿਆਂ ਵਲੋਂ ਵੱਖ ਵੱਖ ਥਾਵਾਂ ਵੰਡੀਆਂ ਹੋਈਆਂ ਹਨ ਅਤੇ ਵੱਧ ਪੈਸੇ ਕਮਾਉਣ ਦੀ ਹੋੜ ਕਾਰਨ ਰੇਹੜੀਆਂ ਦੀ ਗਿਣਤੀ ਵਿਚ ਪ੍ਰਤੀ ਮਹੀਨਾ ਇਜਾਫਾ ਕਰਦੇ ਰਹਿੰਦੇ ਹਨ। ਬੇਸ਼ੱਕ ਨਗਰ ਨਿਗਮ ਦੇ ਮੇਅਰ ਵਲੋਂ ਸ਼ਹਿਰ ਦੀ ਆਵਾਜਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਨਾਜਾਇਜ ਕਬਜੇ ਹਟਾਉਣ ਦੀ ਗੱਲ ਆਖੀ ਗਈ ਹੈ। ਪ੍ਰੰਤੂ ਧਰਾਤਲੀ ਪੱਧਰ ’ਤੇ ਕਿ ਇਹ ਕਾਰਵਾਈ ਹੋਵੇਗੀ ਤੇ ਜੇ ਹੋਵੇਗੀ ਤਾਂ ਕਿੰਨੇ ਹੀ ਸਿਆਸੀ ਰਸੂਖਾਂ ਵਾਲਿਆਂ ਨੇ ਨੇੜਲਿਆਂ ਨੂੰ ਘਾਟਾ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸ਼ਹਿਰ ਦੇ ਪ੍ਰਮੁੱਖ ਚੌਕਾਂ ਅਤੇ ਬਾਜਾਰਾਂ ਵਿਚ ਲੰਘ ਰਹੇ ਲੋਕੀ ਜਿਥੇ ਇਸ ਰੇਹੜੀ ਵਾਲਿਆਂ ਦੇ ਕਬਜਿਆਂ ਤੋਂ ਤੰਗ ਨਜਰ ਆਉਂਦੇ ਹਨ ਉਥੇ ਹੀ ਸ਼ਹਿਰ ਦੇ ਬਾਜਾਰਾਂ ਦੇ ਕੁਝ ਦੁਕਾਨਦਾਰ ਵੱਧ ਪੈਸੇ ਕਮਾਉਣ ਦੀ ਹੋੜ ਕਾਰਨ ਆਪਣੀ ਦੁਕਾਨ ਅੱਗੇ ਰੇਹੜੀ ਵਾਲਿਆਂ ਨੂੰ ਖੜਨ ਦਿੰਦੇ ਹਨ ਅਤੇ ਜਿਸ ਨਾਲ ਉਹ ਵੀ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ। ਇਸ ਕਾਰਵਾਈ ਨਾਲ ਬੇਸ਼ੱਕ ਕੁਝ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਦਾ ਕੰਮ ਚੱਲਦਾ ਹੋਵੇ ਪ੍ਰੰਤੂ ਇਨ੍ਹਾਂ ਕਰਕੇ ਸ਼ਹਿਰ ਦੀਆਂ ਸੜਕਾਂ ਭੀੜੀਆਂ ਹੋਣ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸ਼ਹਿਰ ਦੇ ਪ੍ਰਮੁੱਖ ਚੌਕਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਥਾਪਰ ਕਾਲਜ, 22 ਨੰਬਰ ਫਾਟਕ, ਖੰਡਾ ਚੌਕ, ਲੀਲਾ ਭਵਨ, ਫੁਹਾਰਾ ਚੌਕ, ਠੀਕਰੀ ਵਾਲਾ ਚੌਕ, ਪੋਲੋ ਗਰਾਊਂਡ ਚੌਕ, ਰਾਘੋਮਾਜਰਾ, ਭਾਦਸੋਂ ਰੋਡ, ਸਰਹਿੰਦ ਰੋਡ ਅਤੇ ਪੁਰਾਣੇ ਬੱਸ ਸਟੈਂਡ ਦੇ ਹੇਠਾਂ ਕੀੜੀਆਂ ਵਾਂਗੂੰ ਖੜੀਆਂ ਰੇਹੜੀਆਂ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਬਿਨਾਂ ਹਰੇਕ ਸ਼ਹਿਰ ਵਾਸੀ ਨੂੰ ਦਿਸਦੀਆਂ ਹਨ ਅਤੇ ਉਹ ਤੰਗ ਹੋਣ ਲਈ ਮਜ਼ਬੂਰ ਵੀ ਹੁੰਦੀ ਹਨ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਜਾਗ ਕਦੋਂ ਖੁੱਲੇਗੀ?
ਕਿਥੇ ਗਈ ਨਗਰ ਨਿਗਮ ਦੀ ਵੈਂਡਰ ਪਾਲਿਸੀ.....?
ਨਗਰ ਨਿਗਮ ਵਲੋਂ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਵਿਚ ਵੈਂਡਰ ਪਾਲਿਸੀ ਲਾਗੂ ਕਰਨ ਦੇ ਵੱਡੇ ਵੱਡੇ ਦਮਗਜੇ ਮਾਰੇ ਗਏ ਸਨ ਪਰ ਅੱਜ ਹਾਲਾਤ ਉਸ ਦੇ ਬਿਲਕੁਲ ਉਲਟ ਹਨ ਸ਼ਹਿਰ ਵਿਚ ਕਿਧਰੇ ਵੀ ਅਜਿਹੀ ਗਲੀ ਜਾਂ ਸੜਕ ਨਜਰ ਨਹੀਂ ਆਉਂਦੀ ਉਪਰੋਕਤ ਪਾਲਿਸੀ ਲਾਗੂ ਹੁੰਦੀ ਨਜਰ ਆਵੇ। ਨਗਰ ਨਿਗਮ ਵਲੋਂ ਵੱਖ ਵੱਖ ਥਾਵਾਂ ਨੂੰ ਚੁਣ ਕੇ ਰੇਹੜੀਆਂ ਖੜਾਉਣ ਦੀ ਥਾਂ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਸੀ। ਪਰ ਇਹ ਪਾਲਿਸੀ ਸ਼ੁਰੂ ਤੋਂ ਹੀ ਠੁਸ ਨਜਰ ਆਈ ਅਤੇ ਅੱਜ ਇਸ ਪਾਲਿਸੀ ਦੇ ਲਾਗੂ ਨਾ ਹੋਣ ਕਾਰਨ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ।
ਪਿਛਲੀ ਖ਼ਬਰ ‘ਮਨੁੱਖੀ ਜ਼ਿੰਦਗੀਆਂ ਬਚਾਉਣਾ ਸਭ ਤੋਂ ਵੱਡੀ ਸੇਵਾ-ਡਾ. ਧਰਮਵੀਰ ਗਾਂਧੀ ਅਗਲੀ ਖ਼ਬਰ ਮਾਣੂੰਕੇ ’ਚ ਹੋਈ ਗੋਲੀਬਾਰੀ ਨਾਲ ਸੰਬੰਧਿਤ ਹਠੂਰ ਪੁਲਿਸ ਨੇ 2 ਮੁਲਜ਼ਮ ਹੋਰ ਕੀਤੇ ਗ੍ਰਿਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।