08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਸ਼ਾਖੋਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਤੇ ਮੁੱਖ ਮੰਤਰੀ ਵਲੋਂ ਪਟਿਆਲਾ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਿਵੇਕਲੀ ਸ਼ੁਰੂਆਤ

ਅਜੀਤ ਡੈਸਕ 27-06-2026
ਪਟਿਆਲਾ, 26 ਜੂਨ (ਧਰਮਿੰਦਰ ਸਿੰਘ ਸਿੱਧੂ)-ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖ ਕੇ ਦੇਸ਼ ਸੇਵਾ ਅਤੇ ਰੋਜ਼ਗਾਰ ਦੇ ਉਸਾਰੂ ਪਾਸੇ ਲਗਾਉਣ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਇਕ ਵੱਡੀ ਅਤੇ ਨਿਵੇਕਲੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਤਿਆਰ ਕੀਤੇ ਗਏ ਵਿਸ਼ੇਸ਼ ਜਾਣਕਾਰੀ ਭਰਪੂਰ ਫਲੈਕਸ ਬੋਰਡਾਂ ਨੂੰ ਰਸਮੀ ਤੌਰ ਉੱਤੇ ਰਿਲੀਜ਼ ਕੀਤਾ ਗਿਆ।ਇਹ ਫਲੈਕਸ ਜਲਦੀ ਹੀ ਪਟਿਆਲਾ ਦੇ 400 ਖੇਡ ਮੈਦਾਨਾਂ ਵਿਖੇ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਤੋਂ ਲਾਭ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਹੈ ਅਤੇ ਇਸ ਦਾ ਸਭ ਤੋਂ ਕਾਰਗਰ ਤਰੀਕਾ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਹੈ। ਇਨ੍ਹਾਂ ਵਿਸ਼ੇਸ਼ ਫਲੈਕਸ ਬੋਰਡਾਂ ਰਾਹੀਂ ਵਰਦੀਧਾਰੀ ਸੇਵਾਵਾਂ ਵਿਚ ਜਾਣ ਦੇ ਇੱਛੁਕ ਨੌਜਵਾਨਾਂ ਦੀ ਸਹੂਲਤ ਲਈ ਪੰਜਾਬ ਪੁਲਿਸ, ਭਾਰਤੀ ਫ਼ੌਜ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿਚ ਭਰਤੀ ਹੋਣ ਲਈ ਲੋੜੀਂਦੇ ਸਰੀਰਕ ਮਾਪਦੰਡਾਂ ਅਤੇ ਟੈਸਟਾਂ ਦੀ ਮੁਕੰਮਲ ਜਾਣਕਾਰੀ ਦਰਸਾਈ ਗਈ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮਹਾਰਾਜਾ ਭਾਲਿੰਦਰ ਸਿੰਘ ਪੋਲੋ ਗਰਾਊਂਡ ਵਿਖੇ ਲਗਾਏ ਗਏ ਬੋਰਡ ਦੀ ਤਰਜ਼ ‘ਤੇ, ਆਉਣ ਵਾਲੇ ਦਿਨਾਂ ਵਿਚ ਇਹ ਜਾਗਰੂਕਤਾ ਫਲੈਕਸ ਬੋਰਡ ਪਟਿਆਲਾ ਜ਼ਿਲ੍ਹੇ ਦੇ ਸਾਰੇ ਮੁੱਖ ਅਥਲੈਟਿਕ ਗਰਾਊਂਡਾਂ, ਸਕੂਲਾਂ ਦੇ ਖੇਡ ਮੈਦਾਨਾਂ ਅਤੇ ਪਿੰਡਾਂ ਦੇ ਸਾਂਝੇ ਖੇਡ ਮੈਦਾਨਾਂ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਜੋ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜਵਾਨ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਨਸ਼ਿਆਂ ਨੂੰ ਨਕਾਰਨ ਅਤੇ ਦੇਸ਼ ਦੀ ਸੇਵਾ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਣ।
ਪਿਛਲੀ ਖ਼ਬਰ ਜਨਤਾ ਦੀ ਸੁਰੱਖਿਆ ਲਈ ਭਾਜਪਾ ਦੀ ਲੜਾਈ ਸਫ਼ਲ-ਪਰਮਜੀਤ ਸਿੰਘ ਕੈਂਥ ਅਗਲੀ ਖ਼ਬਰ ਜਗਮੀਤ ਸਿੰਘ ਹਰਿਆਊ ਨੇ ਅਹੁਦੇਦਾਰਾਂ ਦੀ ਕੀਤੀ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।