22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵਾਅਦਿਆਂ ਤੋਂ ਮੁਕਰੀ ਬਿਜਲੀ ਨਿਗਮ ਤੇ ਪੰਜਾਬ ਸਰਕਾਰ ਖਿਲਾਫ ਗਰਜੇ ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ

ਅਜੀਤ ਡੈਸਕ 01-07-2026
ਪਟਿਆਲਾ, 30 ਜੂਨ (ਧਰਮਿੰਦਰ ਸਿੰਘ ਸਿੱਧੂ)-ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ (ਏਟਕ) ਪੰਜਾਬ ਵਲੋਂ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਲਗਾਤਾਰ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਬਿਜਲੀ ਨਿਗਮ ਦੇ ਮੁੱਖ ਦਫਤਰ ਮੂਹਰੇ ਚੱਲ ਰਿਹਾ ਸੰਘਰਸ਼ ਅੱਜ 15ਵੇਂ ਦਿਨ ਵੀ ਜਾਰੀ ਰਿਹਾ ਅਤੇ ਸਮਝੌਤੇ ਲਾਗੂ ਨਾ ਕਰਨ ਦੇ ਵਿਰੋਧ ਵਿਚ ਆਊਟਸੋਰਸਡ ਮੁਲਾਜ਼ਮਾਂ ਦੀ ਲੜੀਵਾਰ ਭੁੱਖ ਹੜਤਾਲ ਵੀ 6ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਜਿਸ ਦੇ ਵਿਰੋਧ ਵਜੋਂ ਸ਼ਹਿਰ ਦੇ ਫੁਹਾਰਾ ਚੌਂਕ ਵਿਖੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ ਸਨ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੱਜ ਭੁੱਖ ਹੜਤਾਲ ਦੇ ਛੇਵੇਂ ਦਿਨ ਵੀ ਮੁਲਾਜ਼ਮ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਡਟੇ ਰਹੇ। ਇਸ ਮੌਕੇ ਪਾਵਰਕੌਮ ਟ੍ਰਾਂਸਕੋ ਆਊਟਸੋਰਸਡ ਵਰਕਰਜ਼ ਯੂਨੀਅਨ (ਏਟਕ) ਪੰਜਾਬ ਅਤੇ ਆਊਟਸੋਰਸਡ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਵਲੋਂ ਆਊਟਸੋਰਸਡ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਮੂਹ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਫਰੀਦਕੋਟ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪਹਿਲਾ ਧਰਨਾ 21 ਮਈ ਨੂੰ ਸ਼ੁਰੂ ਕੀਤਾ ਗਿਆ ਸੀ। ਉਪਰੰਤ 24 ਮਈ ਨੂੰ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ, ਸੀ.ਐੱਮ.ਡੀ. ਪੀ.ਐੱਸ.ਪੀ.ਸੀ.ਐੱਲ. ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਇਹ ਸਹਿਮਤੀ ਬਣੀ ਸੀ ਕਿ 15 ਜੂਨ ਤੱਕ ਸਮੂਹ ਆਊਟਸੋਰਸਡ ਕਰਮਚਾਰੀਆਂ ਦਾ ਡਾਟਾ ਵੈਰੀਫਾਈ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਸੀ.ਐੱਚ.ਬੀ. ਪਾਲਿਸੀ ਤਹਿਤ ਕਰਮਚਾਰੀਆਂ ਨੂੰ ਮਹਿਕਮੇ ਵਿਚ ਮਰਜ ਕਰਨ ਦੀ ਪ੍ਰਕਿਰਿਆ ਪੂਰੀ ਕਰਕੇ ਆਫਰ ਲੈਟਰ ਜਾਰੀ ਕੀਤੇ ਜਾਣਗੇ। ਪਰ ਨਿਰਧਾਰਿਤ ਸਮਾਂ ਬੀਤ ਜਾਣ ਦੇ ਬਾਵਜੂਦ ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਯੂਨੀਅਨ ਨੂੰ 16 ਜੂਨ ਤੋਂ ਮੁੜ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸੀ.ਐੱਚ.ਬੀ. ਪਾਲਿਸੀ ਨੂੰ ਲਾਗੂ ਕਰਕੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ, ਭੁੱਖ ਹੜਤਾਲ ਅਤੇ ਹੋਰ ਸੰਘਰਸ਼ਮਈ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ, ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ (ਸੰਗਰੂਰ), ਮੁੱਖ ਸਲਾਹਕਾਰ ਰਮਨਦੀਪ ਸਿੰਘ, ਮੁੱਖ ਸਲਾਹਕਾਰ ਮਨਦੀਪ ਸ਼ਰਮਾ (ਰਾਮਪੁਰਾ), ਮੁੱਖ ਸਲਾਹਕਾਰ ਹਰਜਿੰਦਰ ਸਿੰਘ ਰਾਜੂ, ਸੀਨੀਅਰ ਮੀਤ ਪ੍ਰਧਾਨ ਰਾਮ ਦੁਲਾਰ ਚੌਹਾਨ, ਮੀਤ ਪ੍ਰਧਾਨ ਮਨਦੀਪ ਸਿੰਘ (ਪਟਿਆਲਾ), ਵਿੱਤ ਸਕੱਤਰ ਹਰਦੀਪ ਸਿੰਘ (ਬਾਦਸ਼ਾਹਪੁਰ), ਸਹਾਇਕ ਵਿੱਤ ਸਕੱਤਰ ਸੁਖਵੀਰ ਸਿੰਘ ਸੁੱਖਾ (ਲਾਲਤੋਂ), ਪ੍ਰੈਸ ਸਕੱਤਰ ਜਗਦੀਪ ਸਿੰਘ ਧਾਲੀਵਾਲ (ਮਾਨਸਾ), ਸਹਾਇਕ ਪ੍ਰੈਸ ਸਕੱਤਰ ਕੁਲਦੀਪ ਸਿੰਘ ਬਾਗੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਅਗਲੀ ਖ਼ਬਰ ਮਾਮਲਾ-ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਹੱਤਿਆ ਦਾ ਸ਼ਹਿਰੀ ਪੁਲਿਸ ਵਲੋਂ ਨਾਲ ਗਏ 6 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।