ਨਾਭਾ, 20 ਜੁਲਾਈ (ਜਗਨਾਰ ਸਿੰਘ ਦੁਲੱਦੀ)-ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਲੋਂ ਸਥਾਨਕ ਡੇ ਕੇਅਰ ਸੈਂਟਰ ਕੈਂਟ ਰੋਡ ਵਿਖੇ ਵਣ ਮਹਾਂ ਉਤਸਵ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ, ਫਾਊਂਡਰ ਮੈਂਬਰ ਪ੍ਰਿੰਸੀਪਲ ਅਮਰਜੀਤ ਵਰਮਾ ਤੇ ਡੀ. ਸੀ. ਮੁਖੇਜਾ ਦੀ ਅਗਵਾਈ ਵਿਚ ਮਨਾਇਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈੱਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਸੰਸਥਾ ਵਲੋਂ ਵਣ ਮਹਾਂ ਉਤਸਵ ਮਨਾਉਂਦੇ ਹੋਏ 100 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਸੰਸਥਾ ਦੇ ਸਰਪ੍ਰਸਤ ਡੀ. ਸੀ. ਮੁਖੇਜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਅਸੀਂ ਗਲੋਬਲ 12ਵੀਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤੇ ਇਨ੍ਹਾਂ ਦੀ ਪਹਿਲ ਦੇ ਅਧਾਰ ’ਤੇ ਦੇਖਭਾਲ ਵੀ ਕਰਨੀ ਜ਼ਰੂਰੀ ਹੈ। ਪ੍ਰਧਾਨ ਚਰਨਜੀਤ ਸਿੰਘ ਵਿਰਕ ਵਲੋਂ ਆਏ ਮਹਿਮਾਨਾਂ ਤੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਅਮਲ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ, ਨਰੇਸ਼ ਕੁਮਾਰ ਸਾਲਦੀ, ਦਰਸ਼ਨ ਸਿੰਘ ਹਰਜਾਈ, ਛੱਜੂ ਰਾਮ ਸਿੰਘੀ, ਗੁਰਜਿੰਦਰ ਸਿੰਘ, ਸੁਖਪਿੰਦਰ ਸਿੰਘ, ਘੁੰਮਣ ਸਿੰਘ, ਵੇਦ ਪ੍ਰਕਾਸ਼ ਪੁਰੀ, ਗੁਰਬਖਸ਼ ਲਾਲ, ਰਵਿੰਦਰ ਸਿੰਘ,ਬਲਵਿੰਦਰ ਸਿੰਘ, ਧਰਮਪਾਲ ਸ਼ਰਮਾ ਸ਼ਾਸਤਰੀ, ਜਗਜੀਤ ਸਿੰਘ, ਸੋਮਨਾਥ ਸ਼ਰਮਾ, ਮਲਕੀਤ ਸਿੰਘ, ਉਜਲ ਸਿੰਘ ਕਪੂਰ, ਸੁਰਮੁਖ ਸਿੰਘ ਆਦਿ ਹਾਜ਼ਰ ਸਨ।