21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬੀ ’ਵਰਸਿਟੀ ਵਿਖੇ ‘ਗੁਰਬਾਣੀ ਦੇ ਮੂਲ ਸੰਕਲਪ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਸ਼ੁਰੂ

ਅਜੀਤ ਡੈਸਕ 22-07-2026
ਪਟਿਆਲਾ, 21 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ‘ਗੁਰਬਾਣੀ ਦੇ ਮੂਲ ਸੰਕਲਪ’ ਵਿਸ਼ੇ ’ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਵਿਭਾਗ ਵਿਚ ਹੋ ਰਹੇ ਵੱਖ-ਵੱਖ ਧਰਮਾਂ ਦੇ ਅਧਿਐਨ ਤੋਂ ਆਪਸੀ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਨਾਲ ਹਮੇਸ਼ਾ ਇਕ ਨਵੀਂ ਊਰਜਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਲੀਕਿਆ ਪ੍ਰਾਜੈਕਟ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਤਿੰਨ ਦਿਨਾਂ ਦੀ ਵਰਕਸ਼ਾਪ ਉਚ ਪੱਧਰ ਦੇ ਕਾਰਜ ਦਾ ਖਰੜਾ ਤਿਆਰ ਕਰਨ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਾਰਜ ਵਡੀ ਜ਼ੁੰਮੇਵਾਰੀ ਦਾ ਹੈ ਕਿਉਂਕਿ ਜਦੋਂ ਵੀ ਧਰਮ ਅਧਿਐਨ ਜਾਂ ਸਿੱਖ ਅਧਿਐਨ ਬਾਰੇ ਵਿਚਾਰ ਹੁੰਦਾ ਹੈ ਤਾਂ ਸਭ ਦੀਆਂ ਉਮੀਦਾਂ ਇਸ ਵਿਭਾਗ ਤੋਂ ਹੁੰਦੀਆਂ ਹਨ। ਇਹ ਕਾਰਜ ਕੇਵਲ ਵਿਦਵਾਨਾਂ ਜਾਂ ਖੋਜਾਰਥੀਆਂ ਲਈ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਵਲੋਂ ਦਿਤੇ ਸੰਦੇਸ਼ ਨੂੰ ਸਮਝ ਕੇ ਸੰਕਲਪਾਂ ਦੇ ਰੂਪ ਵਿਚ ਸਮਾਜ ਅਗੇ ਲਿਆਉਣਾ, ਸਮੇਂ ਦੀ ਲੋੜ ਵੀ ਹੈ। ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ, ਡਾ. ਗੁਰਮੀਤ ਸਿੰਘ ਸਿੱਧੂ ਨੇ ਦਸਿਆ ਕਿ ਦਸੰਬਰ 2018 ਵਿਚ ਇਕ 15 ਦਿਨਾਂ ਦੀ ਵਰਕਸ਼ਾਪ ਲਗਾਈ ਗਈ ਸੀ, ਜਿਸ ਦੇ ਨਤੀਜੇ ਵਜੋਂ ਤਕਰੀਬਨ 250 ਮੂਲ ਸੰਕਲਪਾਂ ਦਾ ਇਕ ਖਰੜਾ ਤਿਆਰ ਕੀਤਾ ਗਿਆ ਸੀ। ਉਸ ਹੀ ਵਰਕਸ਼ਾਪ ਦੀ ਲੜੀ ਦੇ ਵਿਚ ਇਹ ਕਾਰਜਸ਼ਾਲਾ ਲਗਾਈ ਜਾ ਰਹੀ ਹਾਂ ਤਾਂਕਿ ਰਹਿੰਦੇ ਹੋਰ ਗੁਰਬਾਣੀ ਸੰਕਲਪਾਂ ਬਾਰੇ ਵਿਸਤਾਰ ਵਿਚ ਕਾਰਜ ਕੀਤਾ ਜਾ ਸਕੇ। ਇਸ ਵਰਕਸ਼ਾਪ ਦੇ ਮੰਤਵ ਬਾਰੇ ਹੋਰ ਦਸਦਿਆਂ ਉਨ੍ਹਾਂ ਕਿਹਾ ਕਿ ਗੁਰਬਾਣੀ ਵਿਆਖਿਆ ਦੇ ਕਾਰਜ ਵਿਚ ਇਸ ਦੇ ਮੂਲ ਸੰਕਲਪਾਂ ਨੂੰ ਵੱਖ-ਵੱਖ ਪੱਖਾਂ ਤੋਂ ਸਮਝਣ ਅਤੇ ਗੁਰਮਤਿ ਸਿਧਾਂਤ ਮੁਤਾਬਕ ਇਨ੍ਹਾਂ ਦੀ ਪੜ੍ਹਤ ਤਿਆਰ ਕਰਨਾ ਇਸ ਵਰਕਸ਼ਾਪ ਦਾ ਮੁਖ ਉਦੇਸ਼ ਹੈ। ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋਂ ਰਸਮੀ ਤੌਰ ’ਤੇ ਇਸ ਵਰਕਸ਼ਾਪ ਦੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਬਿਜਲੀ ਦੇ ਲੰਮੇ ਅਣਐਲਾਨੇ ਕੱਟਾਂ ਕਾਰਨ ਸੁੱਕਣ ਕਿਨਾਰੇ ਪੁੱਜੀ ਝੋਨੇ ਦੀ ਫ਼ਸਲ- ਮੋਹਣੀ ਭਾਂਖਰ ਕਿਸਾਨਾਂ ਵਲੋਂ ਪਾਵਰਕਾਮ... ਅਗਲੀ ਖ਼ਬਰ ਡੀ. ਸੀ. ਵਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।