22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਨੌਰ ਸਕੂਲ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਤੇ ਸਿਹਤ ਪ੍ਰਤੀ ਕੀਤਾ ਜਾਗਰੂਕ

ਅਜੀਤ ਡੈਸਕ 22-07-2026
ਸਨੌਰ, 21 ਜੁਲਾਈ (ਮੋਹਣ ਸਿੰਘ ਭੱਟੀ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਚਲਾਈ ਜਾ ਰਹੀ ‘ਪੰਜਾਬ ਜਗਾਓ ਯਾਤਰਾ’ ਬੈਨਰ ਹੇਠ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਅਤੇ ਫ਼ਿਲਾਸਫ਼ਰ ਪਰਮਜੀਤ ਸਿੰਘ ਅਗਰਵਾਲ ਨੇ ਸਕੂਲ ਦੀ ਸੱਤਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਰਚਾਇਆ। ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਚੰਗੀ ਸਿਹਤ, ਤੰਦਰੁਸਤ ਵਾਤਾਵਰਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਅਮੀਰ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣਾ ਹਰ ਨੌਜਵਾਨ ਦੀ ਨੈਤਿਕ ਜ਼ਿੰਮੇਵਾਰੀ ਹੈ। ਪਰਮਜੀਤ ਸਿੰਘ ਅਗਰਵਾਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਭੈੜੀ ਲਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਰੋਜ਼ਾਨਾ ਦੇ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਵਿਦਿਆਰਥੀਆਂ ਨੂੰ ਕੁਦਰਤ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਪ੍ਰਮੁੱਖ ਬੁਲਾਰੇ ਨੇ ਕਿਹਾ ਕਿ ਕੁਦਰਤ ਨਾਲ ਸਾਂਝ ਪਾਉਣਾ, ਵਾਤਾਵਰਨ ਦੀ ਸੰਭਾਲ ਕਰਨਾ ਅਤੇ ਪਾਣੀ ਦੀ ਬੱਚਤ ਕਰਕੇ ਉਸ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਖ਼ੁਦ ਜਾਗਰੂਕ ਹੋਣਾ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਹ ‘ਪੰਜਾਬ ਜਗਾਓ ਯਾਤਰਾ’ ਤਹਿਤ ਸੂਬੇ ਦੇ ਹਰ ਸਕੂਲ ਵਿਚ ਜਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਦੇ ਕਾਰਗਰ ਤਰੀਕੇ ਦੱਸ ਰਹੇ ਹਨ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਤੰਦਰੁਸਤ ਜੀਵਨ ਜੀਅ ਸਕੇ ਤੇ ਸਾਡਾ ਪੰਜਾਬ ਮੁੜ ਖ਼ੁਸ਼ਹਾਲ ਬਣ ਸਕੇ। ਇਸ ਪ੍ਰੇਰਨਾਦਾਇਕ ਸੈਮੀਨਾਰ ਵਿਚ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਪਿ੍ਰੰਸੀਪਲ ਬਿੰਦੂ ਮਾਰੀਆ ਅਤੇ ਸਮੁੱਚੇ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਸੈਮੀਨਾਰ ਦੇ ਅੰਤ ਵਿਚ ਸਕੂਲ ਪ੍ਰਬੰਧਕ ਬਲਦੀਸ਼ ਕੌਰ ਨੇ ਪਰਮਜੀਤ ਸਿੰਘ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਨਾਲ ਨਜਿੱਠਣ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।
ਪਿਛਲੀ ਖ਼ਬਰ ਹਰ ਫ਼ਰੰਟ ’ਤੇ ਫ਼ੇਲ੍ਹ ਹੋਣ ਤੋਂ ਬਾਅਦ ‘ਆਪ’ ਸਰਕਾਰ ਅਪਣਾ ਰਹੀ ਹੈ ਕੋਝੇ ਹੱਥਕੰਡੇ- ਕ੍ਰਿਸ਼ਨ ਸਿੰਘ ਸਨੌਰ ਅਗਲੀ ਖ਼ਬਰ ਬਿਜਲੀ ਦੇ ਲੰਮੇ ਅਣਐਲਾਨੇ ਕੱਟਾਂ ਕਾਰਨ ਸੁੱਕਣ ਕਿਨਾਰੇ ਪੁੱਜੀ ਝੋਨੇ ਦੀ ਫ਼ਸਲ- ਮੋਹਣੀ ਭਾਂਖਰ ਕਿਸਾਨਾਂ ਵਲੋਂ ਪਾਵਰਕਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।