06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਵਲੋਂ ਬੂਟੇ ਲਗਾਉਣ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 25-07-2026
ਪਟਿਆਲਾ, 24 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਰੋਟਰੀ ਕਲੱਬ ਪਟਿਆਲਾ ਮਿਡਟਾਊਨ ਵਲੋਂ ਪ੍ਰਧਾਨ ਡਾ. ਅਜੈ ਗੁਪਤਾ ਅਤੇ ਸਕੱਤਰ ਹਨੀਸ਼ ਗੋਇਲ ਦੀ ਅਗਵਾਈ ਹੇਠ ਵਾਤਾਵਰਣ ਸੰਭਾਲ ਅਤੇ ਸਮਾਜ ਸੇਵਾ ਨੂੰ ਸਮਰਪਿਤ ਇਕ ਵਿਸ਼ਾਲ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਪ੍ਰੋਜੈਕਟ ਤਹਿਤ ਅਪਾਹਜ ਆਸ਼ਰਮ, ਰਾਜਪੁਰਾ ਰੋਡ, ਪਟਿਆਲਾ ਅਤੇ ਅਗਰਸੈਨ ਹਸਪਤਾਲ ਦੇ ਨਾਲ ਲੱਗਦੇ ਇਲਾਕੇ ਵਿਚ 60 ਫਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ। ਕਲੱਬ ਨੇ ਇਸ ਸਾਲ 100 ਪੌਦੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜਿਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਅਪਾਹਜ ਆਸ਼ਰਮ ਵਿਖੇ ਆਪਣੇ ਹੱਥੀਂ ਪੌਦੇ ਲਗਾ ਕੇ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਪਟਿਆਲਾ ਨੂੰ ਹੋਰ ਹਰਿਆ-ਭਰਿਆ, ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਲਈ ਉਹ ਰੋਟਰੀ ਕਲੱਬ ਨਾਲ ਮਿਲ ਕੇ ਵਿਸ਼ੇਸ਼ ਯੋਜਨਾਵਾਂ ’ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ‘ਗ੍ਰੀਨਮੈਨ ਆਫ ਪਟਿਆਲਾ’ ਭਗਵਾਨ ਦਾਸ ਜੁਨੇਜਾ ਨੇ ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦੇ ਹੋਏ ਪੌਦਿਆਂ ਦੀ ਸੌਗਾਤ ਭੇਟ ਕੀਤੀ। ਉਨ੍ਹਾਂ ਖੁਦ ਵੀ ਕਈ ਪੌਦੇ ਲਗਾ ਕੇ ਇਸ ਮੁਹਿੰਮ ਵਿਚ ਸਰਗਰਮ ਭਾਗ ਲਿਆ ਅਤੇ ਭਵਿੱਖ ਵਿਚ ਵੀ ਰੋਟਰੀ ਕਲੱਬ ਦੇ ਵਾਤਾਵਰਣ ਸੰਭਾਲ ਪ੍ਰੋਜੈਕਟਾਂ ਲਈ ਵੱਡੀ ਗਿਣਤੀ ਵਿਚ ਪੌਦੇ ਉਪਲਬਧ ਕਰਵਾਉਣ ਦਾ ਵਾਅਦਾ ਕੀਤਾ। ਪ੍ਰਧਾਨ ਡਾ. ਅਜੈ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਅੱਜ ਦੀ ਲੋੜ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਘੱਟੋ-ਘੱਟ ਇਕ ਪੌਦਾ ਲਗਾ ਕੇ ਉਸ ਦੀ ਸੰਭਾਲ ਦਾ ਸੰਕਲਪ ਲਵੇ ਤਾਂ ਪਟਿਆਲਾ ਨੂੰ ਹਰਿਆ-ਭਰਿਆ ਬਣਾਉਣ ਦਾ ਸੁਪਨਾ ਜ਼ਰੂਰ ਸਾਕਾਰ ਹੋਵੇਗਾ। ਸਕੱਤਰ ਹਨੀਸ਼ ਗੋਇਲ ਨੇ ਦੱਸਿਆ ਕਿ ਰੋਟਰੀ ਕਲੱਬ ਪਟਿਆਲਾ ਮਿਡਟਾਊਨ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਨੂੰ ਵੀ ਆਪਣੀ ਪ੍ਰਮੁੱਖ ਤਰਜੀਹ ਮੰਨਦਾ ਹੈ। ਕਲੱਬ ਵਲੋਂ ਸਾਲ ਭਰ ਰੁੱਖ ਲਗਾਉਣ, ਉਨ੍ਹਾਂ ਦੀ ਸੰਭਾਲ ਅਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਕਈ ਪ੍ਰੋਜੈਕਟ ਲਗਾਤਾਰ ਕੀਤੇ ਜਾਣਗੇ। ਇਸ ਰੁੱਖ ਲਗਾਉਣ ਮੁਹਿੰਮ ਵਿਚ ਕਲੱਬ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਦਾ ਵੀ ਸੰਕਲਪ ਲਿਆ। ਇਸ ਮੌਕੇ ਰਾਕੇਸ਼ ਸਿੰਗਲਾ, ਅਪਾਹਜ ਆਸ਼ਰਮ ਦੇ ਇੰਚਾਰਜ ਐੱਮ.ਆਰ. ਖੋਸਲਾ, ਨਵਦੀਪ ਗੁਪਤਾ, ਜੀਵਨ ਗਰਗ, ਲੋਕੇਸ਼ ਗੁਪਤਾ, ਪ੍ਰੇਮ ਬਾਂਸਲ, ਸਵਤੰਤਰ ਰਾਜ ਪਾਸੀ, ਅਨਿਲ ਮਿੱਤਲ, ਡਾ. ਕੇ.ਸੀ. ਗਰਗ, ਲਕਸ਼ਮੀ ਗੁਪਤਾ, ਸੰਜੀਵ ਗਰਗ, ਹਰਬੰਸ ਲਾਲ ਬਾਂਸਲ, ਦੇਵੀ ਦਿਆਲ ਗੋਇਲ, ਆਦਿਸ਼ ਬਜਾਜ, ਡਾ. ਸ਼ਾਮ ਜਿੰਦਲ, ਆਰ.ਐਸ. ਔਲਖ, ਭਗਵਾਨ ਦਾਸ ਗੁਪਤਾ, ਤਰਸੇਮ ਕੁਮਾਰ ਠੁਕਰਾਲ, ਨਿਖਿਲ ਸਰੋਨਵਾਲਾ, ਕਰਨਲ ਜੇ.ਐਸ. ਥਿੰਦ, ਕੌਸ਼ਲ ਰਾਓ ਸਿੰਗਲਾ ਅਤੇ ਬੀ.ਕੇ. ਧੂੰਦੀਆ ਸਮੇਤ ਕਲੱਬ ਦੇ ਬੋਰਡ ਆਫ਼ ਡਾਇਰੈਕਟਰਜ਼ ਅਤੇ ਵੱਡੀ ਗਿਣਤੀ ਵਿਚ ਰੋਟੇਰੀਅਨ ਹਾਜ਼ਰ ਸਨ। ਸਾਰਿਆਂ ਨੇ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਵੀ ਲਿਆ।
ਪਿਛਲੀ ਖ਼ਬਰ ਦੇਵੀਗੜ੍ਹ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਨੂੰ ਵੰਡੇ ਸਕੂਲੀ ਬੈਗ ਅਗਲੀ ਖ਼ਬਰ ਪੰਜਾਬ ਸਰਕਾਰ ਵਿਰੁੱਧ ਨੰਬਰਦਾਰ ਐਸੋਸੀਏਸ਼ਨ ਦਾ ਮੋਰਚਾ : ਮੰਗਾਂ ਨਾ ਮੰਨਣ ’ਤੇ ਪਿੰਡ-ਪਿੰਡ ਹੋਵੇਗਾ ਵਿਰੋਧ-ਕਰਮਜੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।