ਸਰਕਾਰੀ ਕਾਲਜ (ਲੜਕੀਆਂ) ਪਟਿਆਲਾ ’ਚ ‘ਵੰਡ ਦੀ ਭਿਆਨਕਤਾ ਦੀ ਯਾਦ’ ਨੂੰ ਸਮਰਪਿਤ ਸਮਾਗਮ
ਪਟਿਆਲਾ, 13 ਅਗਸਤ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ (ਲੜਕੀਆਂ), ਪਟਿਆਲਾ ਵਿਖੇ ਦੇਸ਼ ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਤੇ ਉਜਾੜੇ ਦਾ ਸੰਤਾਪ ਹੰਢਾਉਣ ਵਾਲੇ ਲੱਖਾਂ ਲੋਕਾਂ ਦੀ ਯਾਦ ਨੂੰ ਸਮਰਪਿਤ ‘ਵੰਡ ਦੀ ਭਿਆਨਕਤਾ ਦੀ ਯਾਦ’ ਸੰਬੰਧੀ ਸਮਾਗਮ ਕਰਵਾਇਆ। ਸਮਾਗਮ ਦੌਰਾਨ ਵੰਡ ਨਾਲ ਜੁੜੇ ਇਤਿਹਾਸਕ ਦੁਖਾਂਤ, ਉਸ ਸਮੇਂ ਹੋਈ ਹਿੰਸਾ ਤੇ ਬੇਘਰ ਹੋਏ ਪਰਿਵਾਰਾਂ ਵਲੋਂ ਹੰਢਾਏ ਦਰਦ ਨੂੰ ਯਾਦ ਕਰਦਿਆਂ ਵਿਦਿਆਰਥਣਾਂ ਨੂੰ ਇਤਿਹਾਸ ਦੇ ਇਸ ਕੌੜੇ ਅਧਿਆਏ ਤੋਂ ਸਿੱਖਿਆ ਲੈਣ ਦਾ ਸੰਦੇਸ਼ ਦਿੱਤਾ।
ਪਟਿਆਲਾ, 13 ਅਗਸਤ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਕਾਲਜ (ਲੜਕੀਆਂ), ਪਟਿਆਲਾ ਵਿਖੇ ਦੇਸ਼ ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਤੇ ਉਜਾੜੇ ਦਾ ਸੰਤਾਪ ਹੰਢਾਉਣ ਵਾਲੇ ਲੱਖਾਂ ਲੋਕਾਂ ਦੀ ਯਾਦ ਨੂੰ ਸਮਰਪਿਤ ‘ਵੰਡ ਦੀ ਭਿਆਨਕਤਾ ਦੀ ਯਾਦ’ ਸੰਬੰਧੀ ਸਮਾਗਮ ਕਰਵਾਇਆ। ਸਮਾਗਮ ਦੌਰਾਨ ਵੰਡ ਨਾਲ ਜੁੜੇ ਇਤਿਹਾਸਕ ਦੁਖਾਂਤ, ਉਸ ਸਮੇਂ ਹੋਈ ਹਿੰਸਾ ਤੇ ਬੇਘਰ ਹੋਏ ਪਰਿਵਾਰਾਂ ਵਲੋਂ ਹੰਢਾਏ ਦਰਦ ਨੂੰ ਯਾਦ ਕਰਦਿਆਂ ਵਿਦਿਆਰਥਣਾਂ ਨੂੰ ਇਤਿਹਾਸ ਦੇ ਇਸ ਕੌੜੇ ਅਧਿਆਏ ਤੋਂ ਸਿੱਖਿਆ ਲੈਣ ਦਾ ਸੰਦੇਸ਼ ਦਿੱਤਾ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਇਤਿਹਾਸ ਵਿਭਾਗ ਦੇ ਇੰਚਾਰਜ ਪ੍ਰੋਫੈਸਰ ਸੰਦੀਪ ਸਿੰਘ ਨੇ ਮੁੱਖ ਵਕਤਾ ਨਾਲ ਵਿਦਿਆਰਥਣਾਂ ਦੀ ਜਾਣ-ਪਛਾਣ ਕਰਵਾਈ ਅਤੇ ਦੇਸ਼ ਦੀ ਵੰਡ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਮੁੱਖ ਵਕਤਾ ਵਜੋਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਡਾ. ਪੁਨੀਤ ਨੇ ਸ਼ਿਰਕਤ ਕੀਤੀ। ਵਿਦਿਆਰਥਣਾਂ ਦੇ ਰੂ-ਬਰੂ ਹੁੰਦਿਆਂ ਉਨ੍ਹਾਂ ਨੇ ਦੇਸ਼ ਦੀ ਵੰਡ ਵੇਲੇ ਵਾਪਰੀ ਹਿੰਸਾ, ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਏ ਪਰਿਵਾਰਾਂ ਦੇ ਦਰਦ ਤੇ ਉਜਾੜੇ ਤੋਂ ਬਾਅਦ ਉਨ੍ਹਾਂ ਵਲੋਂ ਹੰਢਾਏ ਮਾਨਸਿਕ ਤੇ ਸਮਾਜਿਕ ਸੰਘਰਸ਼ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵੰਡ ਦੀਆਂ ਘਟਨਾਵਾਂ ਸਾਨੂੰ ਨਫ਼ਰਤ ਅਤੇ ਵੈਰ-ਵਿਰੋਧ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਵਾਉਂਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਆਪਸੀ ਭਾਈਚਾਰਾ, ਸ਼ਾਂਤੀ, ਸਹਿਣਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸਵਿੰਦਰ ਰੇਖੀ ਨੇ ਮੁੱਖ ਵਕਤਾ ਡਾ. ਪੁਨੀਤ ਦਾ ਕਾਲਜ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਦੇ ਅਜਿਹੇ ਦੁਖਦਾਈ ਅਧਿਆਏ ਸਾਨੂੰ ਦੇਸ਼ ਦੀ ਅਖੰਡਤਾ, ਆਪਸੀ ਏਕਤਾ ਤੇ ਸ਼ਾਂਤੀ ਦੀ ਅਹਿਮੀਅਤ ਸਮਝਾਉਂਦੇ ਹਨ। ਡਾ. ਸਵਿੰਦਰ ਰੇਖੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਇਤਿਹਾਸ ਵਿਭਾਗ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ਵਿਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।