ਰਾਜਪੁਰਾ, 5 ਸਤੰਬਰ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਰਾਜ ਕਰ ਅਧਿਕਾਰੀ (ਈ.ਟੀ.ਓ.) ਅਤੇ ਪੁਲਿਸ ਮੁਲਾਜ਼ਮ ਨਾਲ ਗਾਲੀ ਗਲੌਚ ਕਰਨ ’ਤੇ ਇਕ ਨਾਮਜ਼ਦ ਵਿਅਕਤੀ ਵਿਸ਼ਵਨਾਥ ਸਮੇਤ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲੰਘੇ ਦਿਨ ਵਿਨੀਤ ਜੈਨ ਈ.ਟੀ.ਓ. ਸਿੱਪੂ ਰੋਪੜ ਵੱਲੋਂ ਕੌਮੀ ਸ਼ਾਹ ਮਾਰਗ ’ਤੇ ਪਿੰਡ ਬਸੰਤਪੁਰਾ ਵਿਖੇ ਨਾਕਾਬੰਦੀ ਕਰਕੇ ਗੱਡੀਆਂ ਦੇ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਗੱਡੀ ਨੂੰ ਰੋਕਿਆ ਗਿਆ। ਜਿਸ ਵਿਚ ਸਕਰੈਪ ਲੱਦੀ ਹੋਈ ਸੀ। ਜੋ ਕਿ ਜਾਂਚ ਕਰਨ ’ਤੇ ਗੱਡੀ ਬਿਨਾ ਦਸਤਾਵੇਜਾਂ ਦੀ ਪਾਈ ਗਈ। ਜੋ ਗੱਡੀ ਵਿਚ ਲੱਦੇ ਮਾਲ ਸਬੰਧੀ ਨੋਟਿਸ ਕੱਟ ਕੇ ਗੱਡੀ ਅਤੇ ਮਾਲ ਨੂੰ ਅਗਲੀ ਪੜਤਾਲ ਲਈ ਡਿਟੇਨ ਕੀਤਾ ਗਿਆ ’ਤੇ ਗੱਡੀ ਜਨਸੂਆ ਵੱਲ ਲੈ ਗਏ। ਇਸ ਦੋਰਾਨ ਹਰੀਹਰ ਮਾਰਬਲ ਜਨਸੂਆ ਵਿਖੇ ਗੱਡੀ ਖੜ੍ਹੀ ਕਰਨ ਉਪਰੰਤ ਜਦੋ ਬਾਹਰ ਆ ਰਹੇ ਸਨ ਤਾਂ ਇਕ ਨਾ-ਮਾਲੂਮ ਸਵਿਫਟ ਕਾਰ, ਜਿਸ ਵਿਚ 2 ਵਿਅਕਤੀ ਮੋਜੂਦ ਸਨ, ਵੱਲੋਂ ਕਰ ਅਧਿਕਾਰੀ ਹੋਰਾਂ ਦਾ ਰਸਤਾ ਰੋਕਿਆ ਗਿਆ। ਜਦੋਂ ਉਨ੍ਹਾਂ ਦੇ ਨਾਲ ਤਾਇਨਾਤ ਗੰਨਮੈਨ ਸਹਾਇਕ ਥਾਣੇਦਾਰ ਦਲਜੀਤ ਸਿੱਘ ਵੱਲੋਂ ਉਨ੍ਹਾਂ ਨੂੰ ਗੱਡੀ ਪਿੱਛੇ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਗੱਡੀ ਪਿੱਛੇ ਨਹੀ ਕੀਤੀ ਤਾਂ ਉਹਨਾਂ ਆਪਣੇ ਸਟਾਫ ਸਮੇਤ ਗੱਡੀ ਉੱਥੇ ਹੀ ਖੜ੍ਹੀ ਕਰਕੇ ਹਰੀਹਰ ਮਾਰਬਲ ਦੇ ਦਫਤਰ ਅੰਦਰ ਚਲਾ ਗਏ ਤੇ ਇਸ ਸਬੰਧੀ ਜਾਣਕਾਰੀ ਆਪਣੇ ਉੱਚ ਅਧਿਅਕਾਰੀਆ ਨੂੰ ਵੀ ਦਿੱਤੀ। ਜਿਸ ’ਤੇ ਮੌਕੇ ਜਨਸੂਆ ਚੌਂਕੀ ਦੇ ਪੁਲਿਸ ਕਰਮਚਾਰੀ ਵੀ ਆ ਗਏ ਤੇ ਕੁੱਝ ਸਮੇਂ ਬਾਅਦ ਹੀ ਮੁਲਜ਼ਮ ਵਿਸ਼ਵਨਾਥ ਜੋ ਆਪਣੇ ਆਪ ਨੂੰ ਸਰਪੰਚ ਦੱਸਦਾ ਸੀ ਵੀ ਮੌਕਾ ਪਰ ਆ ਗਿਆ ਅਤੇ ਈ.ਟੀ.ਓ. ਨਾਲ ਗਾਲੀ ਗਲੋਚ ਕਰਨ ਲੱਗਾ ਅਤੇ ਉਸ ਨੇ ਜਾਨੋਂ ਮਾਰਨ ਦੀਆ ਧਮਕੀਆ ਵੀ ਦਿੱਤੀਆ। ਜਿਸ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਹਰੀਹਰ ਮਾਰਬਲ ਦੇ ਦਫ਼ਤਰ ਤੋਂ ਬਾਹਰ ਲੈ ਜਾਇਆ ਗਿਆ। ਜਿਸ ’ਤੇ ਸਦਰ ਥਾਣੇ ਦੀ ਪੁਲਿਸ ਨੇ ਈ.ਟੀ.ਓ. ਵਿਨੀਤ ਜੈਨ ਦੇ ਬਿਆਨਾਂ ਤੇ ਵਿਸ਼ਵਨਾਥ, ਦੋ ਅਣਪਛਾਤੇ ਕਾਰ ਸਵਾਰ ਅਤੇ 6 ਹੋਰ ਅਣਪਛਾਤੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।