ਝੋਨੇ ਦੀ ਖ਼ਰੀਦ ’ਤੇ ਲਗਾਈ ਰੋਕ ਕਿਸਾਨਾਂ ਨਾਲ ਵੱਡਾ ਧੋਖਾ- ਹਰਿੰਦਰਪਾਲ ਸਿੰਘ ਚੰਦੂਮਾਜਰਾ
ਦੇਵੀਗੜ, 22 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸੀਮਾ 180 ਲੱਖ ਮੀਟ੍ਰਿਕ ਟਨ ’ਤੇ ਬੰਦ ਕਰਨ ਅਤੇ ਕਈ ਆੜ੍ਹਤੀਆਂ ਦੀ ਖਰੀਦ ਰੋਕਣ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਆੜ੍ਹਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰਾਂ ਵਲੋਂ ਬਿਨਾਂ ਕਿਸੇ ਤਰਕ ਅਤੇ ਦਲੀਲ ਤੋਂ ਖਰੀਦ ਬੰਦ ਕਰਨਾ ਕਿਸਾਨਾਂ ਨਾਲ ਸਰਾਸਰ ਅਨਿਆਇ ਹੈ।
ਦੇਵੀਗੜ, 22 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸੀਮਾ 180 ਲੱਖ ਮੀਟ੍ਰਿਕ ਟਨ ’ਤੇ ਬੰਦ ਕਰਨ ਅਤੇ ਕਈ ਆੜ੍ਹਤੀਆਂ ਦੀ ਖਰੀਦ ਰੋਕਣ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਆੜ੍ਹਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰਾਂ ਵਲੋਂ ਬਿਨਾਂ ਕਿਸੇ ਤਰਕ ਅਤੇ ਦਲੀਲ ਤੋਂ ਖਰੀਦ ਬੰਦ ਕਰਨਾ ਕਿਸਾਨਾਂ ਨਾਲ ਸਰਾਸਰ ਅਨਿਆਇ ਹੈ। ਚੰਦੂਮਾਜਰਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦਰਮਿਆਨ ਪੰਜਾਬ ਦੀ ਝੋਨੇ ਦੀ ਫਸਲ ਹੜ੍ਹਾਂ ਅਤੇ ਭਾਰੀ ਬਿਮਾਰੀਆਂ ਦੀ ਮਾਰ ਹੇਠ ਰਹੀ ਸੀ। ਸਰਕਾਰ ਨੇ ਉਸ ਘੱਟ ਝਾੜ ਵਾਲੀ ਔਸਤ ਨੂੰ ਆਧਾਰ ਬਣਾ ਕੇ ਇਸ ਵਾਰ 180 ਲੱਖ ਮੀਟ੍ਰਿਕ ਟਨ ਦਾ ਟੀਚਾ ਰੱਖ ਲਿਆ। ਉਨ੍ਹਾਂ ਏ.ਸੀ. ਕਮਰਿਆਂ ਵਿਚ ਬੈਠੇ ਅਧਿਕਾਰੀਆਂ ’ਤੇ ਵਰ੍ਹਦਿਆਂ ਕਿਹਾ ਕਿ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ 70 ਫ਼ੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਬਰਸਾਤ ਪੈਣ ਕਰਕੇ 50 ਫ਼ੀਸਦੀ ਤੋਂ ਵੱਧ ਝੋਨਾ ਅਜੇ ਵੀ ਖੇਤਾਂ ਵਿਚ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੁਰੰਤ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਕੇਂਦਰ ਤੱਕ ਸਹੀ ਅੰਕੜੇ ਪਹੁੰਚਾਉਣ ਅਤੇ ਮੰਡੀਆਂ ਵਿਚ ਆਉਣ ਵਾਲੇ ਇਕ-ਇਕ ਦਾਣੇ ਦੀ ਖਰੀਦ ਯਕੀਨੀ ਬਣਾਉਣ ਲਈ ਲਾਮਬੰਦੀ ਕਰਨ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਚੇਅਰਮੈਨ ਮਹਿਮਾ ਸਿੰਘ, ਹਰਸੇਵਕ ਸਿੰਘ ਪੂਨੀਆ, ਜੰਗ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ ਸੁਹਾਗਹੇੜੀ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।