08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਬਾਰੇ ਕੀਤਾ ਜਾਗਰੂਕ

ਅਜੀਤ ਡੈਸਕ 25-01-2026
ਮਲੋਟ, 24 ਜਨਵਰੀ (ਪਾਟਿਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 'ਮੁੱਖ ਮੰਤਰੀ ਸਿਹਤ ਯੋਜਨਾ' ਸ਼ੁਰੂ ਕੀਤੀ ਗਈ ਹੈ | ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਡੂਰ-ਟੂ-ਡੂਰ ਜਾ ਕੇ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਸਰਕਾਰ ਦਾ ਇਤਿਹਾਸਕ ਉਪਰਾਲਾ ਹੈ, ਜਿਸ ਨਾਲ ਹਰੇਕ ਪਰਿਵਾਰ ਨੂੰ ਸਿਹਤ ਪੱਖੋਂ ਬਿਨਾਂ ਕਿਸੇ ਸ਼ਰਤ 'ਤੇ ਇਲਾਜ ਮਿਲੇਗਾ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਰੇ ਸਭ ਠੀਕ ਰਹਿਣ, ਪਰ ਜੇਕਰ ਕਿਸੇ ਨੂੰ ਸਿਹਤ ਪੱਖੋਂ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਹ ਯੋਜਨਾ ਉਸ ਦੇ ਲਈ ਲਾਹੇਵੰਦ ਸਾਬਿਤ ਹੋਵੇਗੀ | ਉਸ ਨੂੰ ਆਰਥਿਕ ਤੌਰ 'ਤੇ ਮੁਸ਼ਕਿਲ ਨਹੀਂ ਆਵੇਗੀ ਅਤੇ 10 ਲੱਖ ਦਾ ਕੈਸ਼ਲੈਸ ਇਲਾਜ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਟੈੱਸਟ, ਦਵਾਈਆਂ ਤੇ ਆਪ੍ਰੇਸ਼ਨ ਦਾ ਪੂਰਾ ਖ਼ਰਚ ਸਰਕਾਰ ਵਲੋਂ ਅਦਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਅਧੀਨ ਪੂਰਾ ਪਰਿਵਾਰ ਕਵਰ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਯੋਜਨਾ ਅਧੀਨ ਰਾਜ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਸ਼ਾਮਿਲ ਕੀਤੇ ਗਏ ਹਨ, ਤਾਂ ਜੋ ਮਰੀਜ਼ਾਂ ਨੂੰ ਕੋਈ ਖ਼ੱਜਲ-ਖ਼ੁਆਰੀ ਨਾ ਝੱਲਣੀ ਪਵੇ | ਇਸ ਯੋਜਨਾ ਅਧੀਨ ਛੋਟੀ ਤੋਂ ਵੱਡੀ ਹਰ ਬਿਮਾਰੀ ਸ਼ਾਮਿਲ ਕੀਤੀ ਗਈ ਹੈ | ਕਾਰਡ ਦੀ ਰਜਿਸਟ੍ਰੇਸ਼ਨ ਪਹਿਲੇ ਦਿਨ ਤੋਂ ਆਨਲਾਈਨ ਰਹੇਗੀ ਅਤੇ ਹਰੇਕ ਜਾਣਕਾਰੀ ਸੰਬੰਧੀ ਅਪਡੇਟ ਇਸ 'ਤੇ ਉਪਲਬਧ ਹੋਵੇਗੀ | ਉਨ੍ਹਾਂ ਕਿਹਾ ਕਿ ਹਲਕੇ ਦੇ ਨੌਜਵਾਨਾਂ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ, ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਸਾਂਝੀ ਕਰਨਗੇ ਤਾਂ ਜੋ ਕੋਈ ਵੀ ਲੋਕ ਇਸ ਯੋਜਨਾ ਤਹਿਤ ਕਾਰਡ ਬਣਾਉਣ ਤੋਂ ਵਾਂਝੇ ਨਾ ਰਹਿਣ | ਇਸ ਮੌਕੇ ਬਲਾਕ ਪ੍ਰਧਾਨ ਜਸਮੀਤ ਬਰਾੜ, ਬਲਾਕ ਪ੍ਰਧਾਨ ਰਾਜੀਵ ਬੱਬੂ ਉੱਪਲ, ਯੂਥ ਪ੍ਰਧਾਨ ਪ੍ਰਭਜੋਤ ਸਿੰਘ, ਗਗਨਦੀਪ ਸਿੰਘ ਔਲਖ, ਹਲਕਾ ਮੀਡੀਆ ਕੋਆਰਡੀਨੇਟਰ ਮੋਹਿਤ ਸੋਨੀ, ਲਵ ਬੱਤਰਾ, ਦੀਪੂ ਕਾਠਪਾਲ, ਪਵਨ ਮੱਕੜ, ਨਵਦੀਪ ਔਲਖ, ਰਾਜੂ ਸ਼ਰਮਾ, ਪੀ.ਏ. ਅਰਸ਼ਦੀਪ ਸਿੱਧੂ, ਪੀ.ਏ. ਸ਼ਿੰਦਰਪਾਲ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ 10 ਲੱਖ ਰੁਪਏ ਦੀ ਬੀਮਾ ਯੋਜਨਾ ਇਤਿਹਾਸਕ ਕਦਮ-ਮਾਨ ਅਗਲੀ ਖ਼ਬਰ ਖੋ-ਖੋ ਖਿਡਾਰਨਾਂ ਨੇ ਨੈਸ਼ਨਲ ਸਕੂਲ ਖੇਡਾਂ 'ਚ ਜਿੱਤਿਆ ਚਾਂਦੀ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।