ਜ਼ੀਰਕਪੁਰ (ਮੁਹਾਲੀ), 8 ਅਗਸਤ (ਹੈਪੀ ਪੰਡਵਾਲਾ) - ਅੱਜ ਇੱਥੇ ਪੰਚਕੂਲਾ ਸੜਕ 'ਤੇ ਸਥਿਤ ਇਕ ਰਿਜ਼ੋਰਟ 'ਚ ਸ਼ਹਿਰ ਦੀਆਂ ਔਰਤਾਂ ਵਲੋਂ ਹਰਿਆਲੀ ਤੀਜ ਮਨਾਈ ਗਈ। ਇਸ ਮੌਕੇ ਕਰਵਾਏ ਰੰਗਾਰੰਗ ਪ੍ਰੋਗਰਾਮ 'ਚ ਹਲਕਾ ਡੇਰਾਬਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਅਤੇ ਹਰਦੀਪ ਸਿੰਘ ਸੈਣੀ ਤੇ ਜ਼ਿਲ੍ਹਾ ਓ.ਬੀ.ਸੀ. ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ 'ਚ ਵੰਨ੍ਹ ਸੁਵੰਨੇ ਪਕਵਾਨਾਂ ਦੇ ਸਟਾਲ ਲਗਾਏ ਗਏ। ਸਮਾਗਮ ਦਾ ਮੁੱਖ ਆਕਰਸ਼ਣ ਔਰਤਾਂ ਵਲੋਂ ਪਾਇਆ ਗਿਆ ਰਵਾਇਤੀ ਗਿੱਧਾ ਰਿਹਾ। ਲੋਕ ਗੀਤਾਂ ਅਤੇ ਬੋਲੀਆਂ ਦੀਆਂ ਧੁਨਾਂ 'ਤੇ ਨੱਚਦੀਆਂ ਔਰਤਾਂ ਨੇ ਸਮਾਂ ਬੰਨ੍ਹ ਦਿੱਤਾ। ਸ਼ਹਿਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਸੱਭਿਆਚਾਰ ਦੇ ਰੰਗਾਂ 'ਚ ਰੰਗ ਕੇ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਦਰਸ਼ਨ ਸਿੰਘ ਸੈਣੀ ਨੇ ਹਰਿਆਲੀ ਤੀਜ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਸਾਡੀ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰਬੰਧਕਾਂ ਵਲੋਂ ਕੀਤੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ।