10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਲੰਬੀ ਵਿਖੇ ਪੱਕਾ ਬੱਸ ਅੱਡਾ ਬਣਾਉਣ ਦੀ ਮੰਗ

ਅਜੀਤ ਡੈਸਕ 04-03-2026
ਲੰਬੀ, 3 ਮਾਰਚ (ਮੇਵਾ ਸਿੰਘ)-ਪੰਜਾਬ ਦੀ ਵਿਧਾਨ ਸਭਾ ਦੇ ਹਲਕਾ ਲੰਬੀ ਨੂੰ ਆਮ ਤੌਰ 'ਤੇ ਸਿਆਸਤ ਦਾ ਧੁਰਾ ਮੰਨਿਆ ਜਾਂਦਾ ਹੈ, ਕਿਉਂਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸਵ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਸਾਬਕਾ ਖ਼ਜ਼ਾਨਾ ਮੰਤਰੀ, ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਲੋਕ ਸਭਾ ਹਲਕਾ ਬਠਿੰਡਾ ਦਾ ਇਹ ਹਲਕਾ ਨਿੱਜੀ ਹਲਕਾ ਹੈ | ਅੱਜ-ਕੱਲ੍ਹ ਹਲਕਾ ਲੰਬੀ ਦੇ ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਨ | ਉਪਰੋਕਤ ਸਿਆਸੀ ਆਗੂਆਂ ਦੇ ਸਮੇਂ ਅੰਦਰ ਤੇ ਹੁਣ ਤੱਕ ਇਸ ਹਲਕੇ ਦੇ ਲੋਕਾਂ ਦੀ ਪਿਛਲੇ ਕਈ ਸਾਲਾਂ ਤੋਂ ਹਲਕੇ ਦੇ ਪਿੰਡ ਲੰਬੀ ਜੋ ਕਿ ਨੈਸ਼ਨਲ ਹਾਈਵੇ ਨੰਬਰ 9 'ਤੇ ਸਥਿਤ ਹੈ, ਉਪਰ ਪੱਕਾ ਬੱਸ ਅੱਡਾ ਬਣਾਉਣ ਦੀ ਮੰਗ ਲਟਕਦੀ ਆ ਰਹੀ ਹੈ, ਪਰ ਨਾ ਤਾਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਪੱਕਾ ਬੱਸ ਅੱਡਾ ਬਣਾਉਣ ਦੀ ਲੋੜ ਸਮਝੀ ਤੇ ਨਾ ਹੀ ਹੁਣ ਤੱਕ ਮੌਜੂਦਾ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਹੈ | ਮੌਜੂਦਾ ਆਰਜੀ ਬੱਸ ਅੱਡਾ ਲੰਬੀ ਤੋਂ ਇਧਰੋਂ-ਉਧਰ ਸਫ਼ਰ ਕਰਨ ਵਾਲੇ ਯਾਤਰੀਆਂ ਤੇ ਖ਼ਾਸਕਰ ਬੀਬੀਆਂ ਨੇ ਦੱਸਿਆ ਕਿ ਜਦੋਂ ਕਈ ਵਾਰ ਬੱਸ ਦੀ ਉਡੀਕ ਇਥੇ ਖੜ੍ਹ ਕੇ ਕਰਨੀ ਪੈਂਦੀ ਹੈ ਤਾਂ ਇਥੇ ਬੀਬੀਆਂ ਵਾਸਤੇ ਕੋਈ ਪਖਾਨੇ ਵਗੈਰਾ ਦੀ ਕੋਈ ਸਹੁੂਲਤ ਨਹੀਂ ਹੈ, ਜਿਸ ਕਾਰਨ ਬਹੁਤ ਪ੍ਰੇਸ਼ਾਨੀ ਆਉਂਦੀ ਹੈ | ਦੂਜੀ ਮੁਸ਼ਕਿਲ ਆਰਜੀ ਬੱਸ ਅੱਡੇ 'ਤੇ ਜਗ੍ਹਾ ਭੀੜੀ ਹੋਣ ਕਰਕੇ ਟ੍ਰੈਫ਼ਿਕ ਜਾਮ ਰਹਿੰਦਾ ਹੈ ਤੇ ਕਈ ਸੜਕ ਹਾਦਸਿਆਂ ਵਿਚ ਕਈ ਅਨਮੋਲ ਜਾਨਾਂ ਵੀ ਜਾ ਚੁੱਕੀਆਂ ਹਨ | ਹਲਕਾ ਲੰਬੀ ਦੇ ਪਿੰਡਾਂ ਦੇ ਲੋਕਾਂ ਨੇ ਮੌਜੂਦਾ ਪੰਜਾਬ ਸਰਕਾਰ ਤੇ ਖ਼ਾਸਕਰ ਹਲਕੇ ਲੰਬੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਅਪੀਲ ਕੀਤੀ ਕਿ ਪਿੰਡ ਲੰਬੀ ਦਾ ਪੱਕਾ ਬੱਸ ਅੱਡਾ ਬਣਾਉਣ ਦੇ ਨਾਲ-ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਬੱਸ ਅੱਡੇ ਤੇ ਪਖਾਨੇ ਵੀ ਬਣਾਏ ਜਾਣ, ਤਾਂ ਜੋ ਸਫ਼ਰ ਦੌਰਾਨ ਸਾਰੇ ਯਾਤਰੀ ਰਾਹਤ ਮਹਿਸੂਸ ਕਰਨ |
ਪਿਛਲੀ ਖ਼ਬਰ ਚੰਦਰ ਮਾਡਲ ਹਾਈ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜੀ. ਐੱਨ. ਕਾਲਜ ਦਾ ਇੰਟਰ ਕਾਲਜ ਯੁਵਕ ਮੇਲੇ 'ਚ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।