ਮਲੋਟ, 7 ਜੂਨ (ਪਾਟਿਲ)-ਫਾਇਰ ਬਿ੍ਗੇਡ ਮਲੋਟ ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਮਲੋਟ ਅਤੇ ਆਸਪਾਸ ਦੇ ਇਲਾਕਿਆਂ ਵਿਚ ਤਿੰਨ ਵੱਖ-ਵੱਖ ਥਾਵਾਂ 'ਤੇ ਅਚਾਨਕ ਲੱਗੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ | ਫਾਇਰ ਬਿ੍ਗੇਡ ਦੀ ਇਸ ਤੁਰੰਤ ਕਾਰਵਾਈ ਸਦਕਾ ਇਕ ਵੱਡਾ ਹਾਦਸਾ ਟਲ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਣੋਂ ਬਚ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫ਼ਸਰ ਹਰਜੀਤ ਸਿੰਘ ਨੇ ਦੱਸਿਆ ਕਿ ਜੀ.ਟੀ. ਰੋਡ ਦੇ ਸਾਹਮਣੇ ਸਰਾਭਾ ਨਗਰ ਵਿਖੇ ਸੌਰਵ ਜੈਨ ਦੇ ਪੁਰਾਣੇ ਟਾਇਰਾਂ ਦੇ ਇਕ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ | ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਹੋਰ ਫ਼ੈਲਣ ਤੋਂ ਰੋਕਿਆ ਅਤੇ ਉਸ 'ਤੇ ਕਾਬੂ ਪਾਇਆ | ਦੂਜੀ ਥਾਂ ਦਾਨੇਵਾਲਾ ਚੌਂਕ ਫੋਕਲ ਪੁਆਇੰਟ ਵਿਖੇ ਸਥਿਤ ਅਰਵਿੰਦਰ ਸਿੰਘ ਦੀ ਫ਼ੈਕਟਰੀ ਵਿਚ ਅਚਾਨਕ ਬਿਜਲੀ ਦੇ ਮੀਟਰ ਨੂੰ ਅੱਗ ਲੱਗ ਗਈ | ਇਸ ਘਟਨਾ 'ਤੇ ਵੀ ਫਾਇਰ ਬਿ੍ਗੇਡ ਮਲੋਟ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾਇਆ | ਇਸ ਤੋਂ ਇਲਾਵਾ ਪਿੰਡ ਕੱਟਿਆਂਵਾਲੀ ਵਿਖੇ ਇਕ ਸ਼ੈਲਰ ਦੇ ਬਾਹਰ ਖੜ੍ਹੇ ਘਾਹ-ਫੂਸ ਨੂੰ ਅਚਾਨਕ ਅੱਗ ਲੱਗ ਗਈ | ਜੇਕਰ ਸਮੇਂ ਸਿਰ ਅੱਗ ਨਾ ਬੁਝਾਈ ਜਾਂਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ | ਫਾਇਰ ਅਫ਼ਸਰ ਹਰਜੀਤ ਸਿੰਘ ਦੀ ਅਗਵਾਈ ਹੇਠ ਫਾਇਰ ਬਿ੍ਗੇਡ ਦੀ ਟੀਮ ਦੇ ਮੈਂਬਰਾਂ ਜਗਜੀਤ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਸੁਖਬੀਰ ਸਿੰਘ ਨੇ ਭਾਰੀ ਮੁਸ਼ੱਕਤ ਅਤੇ ਪੂਰੀ ਮਿਹਨਤ ਨਾਲ ਕੰਮ ਕਰਦਿਆਂ ਇਨ੍ਹਾਂ ਤਿੰਨੇ ਥਾਵਾਂ 'ਤੇ ਲੱਗੀ ਅੱਗ ਨੂੰ ਬੁਝਾਇਆ ਅਤੇ ਨੁਕਸਾਨ ਤੋਂ ਬਚਾਅ ਲਿਆ |