07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੰਸਦ ਵੱਲ ਜਾਂਦੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਖ਼ਿਲਾਫ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ

ਅਜੀਤ ਡੈਸਕ 22-07-2026

ਲੰਬੀ, 21 ਜੁਲਾਈ (ਮੇਵਾ ਸਿੰਘ)-ਬੀਤੇ ਕੱਲ੍ਹ ਯੰਤਰ ਮੰਤਰ ਤੋਂ ਸੰਸਦ ਵੱਲ ਮਾਰਚ ਕਰਦੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉਪਰ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਬਲਾਕ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਦੀ ਅਗਵਾਈ ਵਿਚ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮੌਕੇ ਬੋਲਦਿਆਂ ਕਿਸਾਨ ਆਗੂ ਗੁਰਪਾਸ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਵਿਦਿਆ ਦਾ ਵਪਾਰੀਕਰਨ ਕਰਕੇ ਵਿਦਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ ਅਤੇ ਮੋਟੇ ਪੈਸੇ ਖ਼ਰਚ ਕੇ ਵੀ ਜਦੋਂ ਇਹੋ ਜਿਹੇ ਪੇਪਰ ਲੀਕ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਪ੍ਰਤੀ ਅਸੰਵੇਦਨਸ਼ੀਲਤਾ ਪੈਦਾ ਹੋ ਰਹੀ ਹੈ। ਇਸ ਕਰਕੇ ਆਪਣਾ ਵਿਰੋਧ ਪ੍ਰਗਟਾ ਰਹੇ ਵਿਦਿਆਰਥੀ ਕਾਰਕੁੰਨਾਂ ਉਪਰ ਤਸ਼ੱਦਦ ਕਰਨਾ ਮੰਦਭਾਗਾ ਹੈ, ਕਿਉਂਕਿ ਇਸ ਤਰ੍ਹਾਂ ਕਰਕੇ ਲੋਕਾਂ ਦਾ ਜ਼ਮਹੂਰੀ ਹੱਕ ਕੁਚਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੱਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਆਰ.ਐੱਸ.ਐੱਸ. ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ ਸਾਧਵੀ ਰਿਤਾਂਬਰਾ ਅਤੇ ਵੀ ਸ਼ਾਂਤਾ ਕੁਮਾਰੀ ਵਰਗੇ ਵਿਵਾਦਪੂਰਨ ਬੁਲਾਰੇ ਜੋ ਪਿਛਲੇ ਸਮੇਂ ਦੌਰਾਨ ਔਰਤਾਂ, ਘੱਟ ਗਿਣਤੀਆਂ ਅਤੇ ਮੁਸਲਮਾਨਾਂ ਪ੍ਰਤੀ ਜ਼ਹਿਰ ਉਗਲਦੇ ਰਹੇ ਹਨ, ਉਹ ਬੁਲਾਰੇ ਇੱਥੇ ਬੁਲਾਉਣ ਲਈ ਸੱਦੇ ਗਏ ਸਨ, ਜਿਸ ਕਰਕੇ ਪੀ.ਯੂ. ਦੇ ਵਿਦਿਆਰਥੀਆਂ ਵਲੋਂ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਨੂੰ ਦਬਾਉਣ ਲਈ ਪੀ.ਯੂ. ਪ੍ਰਸ਼ਾਸਨ ਦੇ ਇਸ਼ਾਰੇ ’ਤੇ ਚੰਡੀਗੜ੍ਹ ਪੁਲਿਸ ਵਲੋਂ ਵਿਦਿਆਰਥੀਆਂ ਉਪਰ ਲਾਠੀਚਾਰਜ ਕਰਦੇ ਹੋਏ ਵਿਦਿਆਰਥੀ ਹਿਰਾਸਤ ਵਿਚ ਲਏ ਗਏ। ਇਸ ਕਰਕੇ ਇਸ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੀ ਕਾਰਵਾਈ ਦੀ ਵੀ ਨਿਖੇਧੀ ਕੀਤੀ। ਇਸ ਸਮੇਂ ਭਾਕਿਯੂ ਏਕਤਾ (ਉਗਰਾਹਾਂ) ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਟੀ.ਐੱਸ.ਯੂ., ਪੈਨਸ਼ਨਰ ਐਸੋਸੀਏਸ਼ਨ ਬਿਜਲੀ ਬੋਰਡ ਜਥੇਬੰਦੀਆਂ ਵਲੋਂ ਵੀ ਇਸ ਅਰਥੀ ਫ਼ੂਕ ਮੁਜ਼ਾਹਰੇ ਵਿਚ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਪਿਛਲੀ ਖ਼ਬਰ ਬਰਗਾੜੀ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਦੋ ਦਿਨ ਦੀ ਸਮੂਹਿਕ ਛੁੱਟੀ ਕਰਕੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਹਾਈਕੋਰਟ ਦੇ ਆਦੇਸ਼ਾਂ ’ਤੇ ਕੂੜਾ ਚੁੱਕਣ ਲਈ ਆਹਮੋ-ਸਾਹਮਣੇ ਹੋਏ ਸਫ਼ਾਈ ਕਰਮਚਾਰੀ ਤੇ ਪ੍ਰਸ਼ਾਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।