08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹੜਤਾਲ ਦੌਰਾਨ ਸਫ਼ਾਈ ਲਈ ਐਮਰਜੈਂਸੀ ਯੋਜਨਾ ਲਾਗੂ

ਅਜੀਤ ਡੈਸਕ 22-07-2026
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਵਿਚ ਸਫ਼ਾਈ ਪ੍ਰਬੰਧ ਨੂੰ ਸੁਚਾਰੂ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਬਰੀਵਾਲਾ ਲਈ ਐਮਰਜੈਂਸੀ ਸਫ਼ਾਈ ਯੋਜਨਾ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਸਫ਼ਾਈ ਕਰਮਚਾਰੀ 8 ਜੁਲਾਈ ਤੋਂ ਹੜਤਾਲ ’ਤੇ ਹਨ। ਮਾਨਸੂਨ ਦੌਰਾਨ ਕੂੜਾ ਨਾ ਚੁੱਕੇ ਜਾਣ ਕਾਰਨ ਕਈ ਥਾਵਾਂ ’ਤੇ ਗੰਦਗੀ ਇਕੱਠੀ ਹੋ ਗਈ ਹੈ, ਜਿਸ ਨਾਲ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵਧ ਗਿਆ ਹੈ। ਇਸ ਸਥਿਤੀ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਹੁਕਮਾਂ ਅਨੁਸਾਰ ਹੁਣ ਨਿੱਜੀ ਏਜੰਸੀਆਂ, ਆਊਟਸੋਰਸ ਕਰਮਚਾਰੀਆਂ ਅਤੇ ਕਿਰਾਏ ਦੀਆਂ ਮਸ਼ੀਨਾਂ ਰਾਹੀਂ ਸਫ਼ਾਈ ਕਰਵਾਈ ਜਾਵੇਗੀ। ਘਰ-ਘਰ ਤੋਂ ਕੂੜਾ ਇਕੱਠਾ ਕਰਕੇ ਨਿਰਧਾਰਤ ਡੰਪ ਸਾਈਟਾਂ ’ਤੇ ਸੁੱਟਿਆ ਜਾਵੇਗਾ। ਹਸਪਤਾਲਾਂ, ਸਕੂਲਾਂ, ਧਾਰਮਿਕ ਅਸਥਾਨਾਂ, ਮੁੱਖ ਬਾਜ਼ਾਰਾਂ ਅਤੇ ਰੁੱਝੀਆਂ ਸੜਕਾਂ ਦੀ ਸਫ਼ਾਈ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੱਛਰਾਂ ਤੇ ਗੰਦਗੀ ਕਾਰਨ ਫ਼ੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਐਂਟੀ-ਲਾਰਵਾ ਸਪਰੇਅ, ਫੌਗਿੰਗ ਅਤੇ ਪਾਣੀ ਦੀ ਕਲੋਰੀਨੇਸ਼ਨ ਦਾ ਕੰਮ ਵੀ ਤੇਜ਼ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਵਿਕਲਪਕ ਸਫ਼ਾਈ ਪ੍ਰਬੰਧ ਵਿਚ ਰੁਕਾਵਟ ਪੈਦਾ ਕਰੇਗਾ ਤਾਂ ਪੁਲਿਸ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਖ਼ਿਲਾਫ਼ ਪੰਜਾਬ ਮਿਊਂਸਿਪਲ ਐਕਟ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵਲੋਂ ਲੋਕ-ਹਿੱਤ, ਲੋਕ-ਸਿਹਤ ਅਤੇ ਜਨਤਕ ਸਫ਼ਾਈ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪਿਛਲੀ ਖ਼ਬਰ ਪਿੰਡ ਸੱਕਾਂਵਾਲੀ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਮੁਕੱਦਮਾ ਦਰਜ ਅਗਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ’ਚ ਜੋਹਨ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।