ਜੈਤੋ, 27 ਜੁਲਾਈ (ਗੁਰਚਰਨ ਸਿੰਘ ਗਾਬੜੀਆ)- ਯੂਨੀਵਰਸਿਟੀ ਕਾਲਜ ਜੈਤੋ ਵਿਖੇ ਵਿਦਿਆਰਥੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਇਕ ਵਿਦਿਆਰਥੀ ਆਗੂ ਦਾ ਦਾਖਲਾ ਸਿਆਸੀ ਬਦਲਾਖੋਰੀ ਅਤੇ ਰੰਜਿਸ਼ ਤਹਿਤ ਰੋਕਣ ਦਾ ਗੰਭੀਰ ਮਾਮਲਾ ਸਾਹਮਣੇ ਲਿਆਂਦਾ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਵਿਦਿਆਰਥੀ ਵਲੋਂ ਦਾਖਲੇ ਦੀਆਂ ਸਾਰੀਆਂ ਜ਼ਰੂਰੀ ਸ਼ਰਤਾਂ, ਯੋਗਤਾਵਾਂ ਅਤੇ ਨਿਯਮ ਪੂਰੇ ਕਰਨ ਦੇ ਬਾਵਜੂਦ, ਕਾਲਜ ਪ੍ਰਸ਼ਾਸਨ ਸਥਾਨਕ ਰਾਜਨੀਤਿਕ ਦਬਾਅ ਹੇਠ ਆ ਕੇ ਉਸ ਨੂੰ ਦਾਖ਼ਲਾ ਦੇਣ ਤੋਂ ਸਾਫ਼ ਇਨਕਾਰੀ ਹੋ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਅਖਬਾਰਾਂ ਅਤੇ ਟੀ.ਵੀ. ਇਸ਼ਤਿਹਾਰਾਂ ਵਿਚ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕਰਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਕਾਲਜਾਂ ਵਿਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਿਆਸੀ ਰੰਜਿਸ਼ਾਂ ਤਹਿਤ ਸਿੱਖਿਆ ਦੇ ਬੁਨਿਆਦੀ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਆਖਿਆ ਕਿ ਇਹ ਘਟਨਾ ‘ਆਪ’ ਸਰਕਾਰ ਦੀ ਅਖੌਤੀ ‘ਸਿੱਖਿਆ ਕ੍ਰਾਂਤੀ’ ਦਾ ਅਸਲ ਚਿਹਰਾ ਨੰਗਾ ਕਰਦੀ ਹੈ, ਜਿੱਥੇ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ’ਚੋਂ ਬਾਹਰ ਰੱਖਣ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਹਰਵੀਰ ਕੌਰ ਅਤੇ ਜਸਨੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਾਲਜ ਵਿਚ ਵਿਦਿਆਰਥੀਆਂ ਤੋਂ ਲਈ ਜਾ ਰਹੀ ਨਾਜਾਇਜ਼ ਪੀ.ਟੀ.ਏ. ਫੰਡ ਦੀ ਵਸੂਲੀ ਖਿਲਾਫ਼ ਇਕ ਵਿਸ਼ਾਲ ਘੋਲ ਲੜਿਆ ਗਿਆ ਸੀ। ਇਸ ਜਨਤਕ ਸੰਘਰਸ਼ ਦੌਰਾਨ ਸਥਾਨਕ ਵਿਧਾਇਕ ਅਤੇ ਕਾਲਜ ਪ੍ਰਸ਼ਾਸਨ ਨਾਲ ਵੀ ਤਿੱਖੀ ਬਹਿਸਬਾਜ਼ੀ ਹੋਈ ਸੀ। ਇਸੇ ਬਦਲਾਖੋਰੀ ਤਹਿਤ ਹੁਣ ਸਥਾਨਕ ਵਿਧਾਇਕ ਅਤੇ ਪ੍ਰਸ਼ਾਸਨਿਕ ਸ਼ਹਿ ’ਤੇ ਵਿਦਿਆਰਥੀ ਆਗੂ ਦਾ ਭਵਿੱਖ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ‘ਨਵੀਂ ਸਿੱਖਿਆ ਨੀਤੀ’ ਲਾਗੂ ਕਰਕੇ ਸਿੱਖਿਆ ਦਾ ਬਾਜ਼ਾਰੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਗਰੀਬ, ਦਲਿਤ ਅਤੇ ਕਿਸਾਨ-ਮਜ਼ਦੂਰਾਂ ਦੇ ਬੱਚਿਆਂ ਤੋਂ ਉੱਚ ਸਿੱਖਿਆ ਖੋਹੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸੰਵਿਧਾਨਕ ਹੱਕਾਂ ਅਤੇ ਐਸ.ਸੀ/ਐਸ.ਟੀ ਵਰਗ ਦੇ ਵਿਦਿਆਰਥੀ ਦੇ ਦਾਖਲਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਬਦਲੇ ਕਾਲਜ ਪ੍ਰਸ਼ਾਸਨ ਅਤੇ ਸਥਾਨਕ ਆਗੂਆਂ ਖਿਲਾਫ਼ ਐਸ.ਸੀ/ਐਸ.ਟੀ ਐਕਟ ਤਹਿਤ ਪਰਚਾ ਦਰਜ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਗੈਰ-ਕਾਨੂੰਨੀ ਰੋਕ ਵਿਰੁੱਧ ਵਿਦਿਆਰਥੀ ਦੇ ਵਕੀਲ ਵਲੋਂ ਕਾਲਜ ਪ੍ਰਸ਼ਾਸਨ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ, ਪਰ ਕਾਲਜ ਵਲੋਂ ਉਸ ਦਾ ਕੋਈ ਜਵਾਬ ਨਾ ਦੇਣਾ ਪ੍ਰਸ਼ਾਸਨ ਦੀ ਅੜੀਅਲਤਾ ਅਤੇ ਤਾਨਾਸ਼ਾਹੀ ਰਵੱਈਏ ਨੂੰ ਸਾਫ਼ ਦਰਸਾਉਂਦਾ ਹੈ। ਕਾਲਜ ਪ੍ਰਸ਼ਾਸਨ ਦੀ ਮਨਮਾਨੀ ਵਿਰੁੱਧ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜਦ ਐਸ.ਡੀ.ਐਮ. ਜੈਤੋ ਨੂੰ ਮਿਲਣ ਪਹੁੰਚਿਆ ਤਾਂ ਉਹ ਕਿਸੇ ਕੰਮ ਵਿਚ ਹੋਣ ਕਰਕੇ ਨਾ ਮਿਲੇ ਤਾਂ ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ ਨੂੰ ਇਹ ਮੰਗ ਪੱਤਰ ਸੌਂਪ ਕੇ ਤੁਰੰਤ ਦਾਖਲਾ ਚਾਲੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਦੂਲ ਸਿੰਘ ਕਾਸਮ ਭੱਟੀ ਨੇ ਸਪੱਸ਼ਟ ਕੀਤਾ ਕਿ ਕਿਸਾਨ ਜਥੇਬੰਦੀ ਪੂਰੀ ਤਾਕਤ ਨਾਲ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਿਦਿਆਰਥੀ ਆਗੂ ਦੀ ਐਡਮਿਸ਼ਨ ਤੁਰੰਤ ਨਾ ਕੀਤੀ ਗਈ ਤਾਂ ਵਿਦਿਆਰਥੀ-ਕਿਸਾਨ ਜਥੇਬੰਦੀਆਂ ਰਲ ਕੇ ਕਾਲਜ ਪ੍ਰਸ਼ਾਸਨ, ਸਥਾਨਕ ਵਿਧਾਇਕ ਅਤੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਣਗੀਆਂ।