ਫ਼ਰੀਦਕੋਟ, 14 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਵਾਂਦਰ ਜਟਾਣਾ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਲਾਭ ਸਿੰਘ ਨੂੰ 23 ਸਾਲ ਬਤੌਰ ਖ਼ਜ਼ਾਨਚੀ ਦੀ ਸੇਵਾ ਕਰਨ ਉਪਰੰਤ ਸਵੈ ਇੱਛਾ ਨਾਲ 81 ਸਾਲ ਦੀ ਵਡੇਰੀ ਉਮਰ 'ਚ ਮੰਗੀ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ | ਪ੍ਰਧਾਨ ਪਰਮਿੰਦਰ ਸਿੰਘ ਨੇ ਲਾਭ ਸਿੰਘ ਦੀ ਇਮਾਨਦਾਰੀ, ਲਗਨ, ਨਿਮਰਤਾ ਤੇ ਜ਼ਿੰਮੇਵਾਰੀ ਵਾਲੀ ਲੰਬੀ ਸੇਵਾ ਦਾ ਜ਼ਿਕਰ ਕੀਤਾ | ਸਮਾਜ ਸੇਵੀ ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਲੰਗਰ ਮਾਤਾ ਖੀਵੀ ਜੀ ਨੇ ਸਿਰੋਪਾਓ ਤੇ ਸਨਮਾਨ ਚਿੰਨ, ਵਾਤਾਵਰਨ ਪ੍ਰੇਮੀ ਜਗਪਾਲ ਸਿੰਘ ਬਰਾੜ ਨੇ ਲਾਭ ਸਿੰਘ ਨੂੰ ਕਿਤਾਬਾਂ ਦਾ ਸੈਟ ਭੇਟ ਕਰਦਿਆਂ ਉਨ੍ਹਾਂ ਵਲੋਂ ਬਤੌਰ ਡਿਪਟੀ ਮੈਨੇਜਰ ਖੇਤੀ ਵਿਕਾਸ ਬੈਂਕ 'ਚ ਕੀਤੀਆਂ ਸ਼ਾਨਦਾਰ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਕਾਸ਼ ਸਾਡੇ ਧਾਰਮਿਕ ਅਦਾਰਿਆਂ ਨੂੰ ਵੀ ਲਾਭ ਸਿੰਘ ਵਰਗੇ ਪ੍ਰਬੰਧਕ ਖ਼ਜ਼ਾਨਚੀ ਨਸੀਬ ਹੋਣ | ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਸਿਮਰਨ ਸੁਸਾਇਟੀ, ਬਾਬਾ ਫ਼ਤਹਿ ਸਿੰਘ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ, ਬੀਬੀਆਂ ਦੇ ਸਿਮਰਨ ਜਥੇ ਅਤੇ ਹੋਰ ਪਤਵੰਤੇ ਸੱਜਣਾਂ ਨੇ ਲਾਭ ਸਿੰਘ ਨੂੰ ਗਰਮਜੋਸ਼ੀ ਨਾਲ ਸਨਮਾਨਿਤ ਕੀਤਾ | ਲਾਭ ਸਿੰਘ ਦੇ ਪਰਿਵਾਰ ਵਲੋਂ 11000 ਰੁਪਏ ਅਤੇ ਨਿਰਮਲ ਸਿੰਘ ਸੇਠੀ ਦੇ ਪਰਿਵਾਰ ਵਲੋਂ 11000 ਰੁਪਏ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਲਈ ਭੇਟ ਕੀਤੇ ਗਏ |