ਮਲੋਟ, 14 ਫ਼ਰਵਰੀ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਹਲਕੇ 'ਚ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਸਿੱਖਿਆ, ਸੜਕ ਸਹੂਲਤਾਂ, ਵਿੱਤੀ ਸੇਵਾਵਾਂ ਅਤੇ ਖੇਡਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਉਪਰਾਲੇ ਨਾ ਸਿਰਫ਼ ਖੇਤਰ ਦੀ ਭੌਤਿਕ ਤਰੱਕੀ ਨੂੰ ਮਜ਼ਬੂਤ ਕਰਦੇ ਹਨ, ਸਗੋਂ ਸਮਾਜਿਕ ਤੇ ਆਰਥਿਕ ਪੱਖੋਂ ਵੀ ਨਵੀਂ ਦਿਸ਼ਾ ਦਿੰਦੇ ਹਨ | ਪਿੰਡ ਫਕਰਸਰ 'ਚ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਲਾਇਬ੍ਰੇਰੀਆਂ ਗਿਆਨ ਦੀ ਜੋਤ ਹਨ, ਜੋ ਨੌਜਵਾਨ ਮਨਾਂ 'ਚ ਸੂਝ-ਬੂਝ ਤੇ ਸੁਪਨਿਆਂ ਦੀ ਚਮਕ ਜਗਾਉਂਦੀਆਂ ਹਨ | ਇਸ ਮੌਕੇ ਪਿੰਡ ਵਿਚ ਨਵੀਂਆਂ ਤਿਆਰ ਹੋਈਆਂ ਸੜਕਾਂ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਨਾਲ ਆਵਾਜਾਈ ਦੀਆਂ ਸਹੂਲਤਾਂ ਸੁਧਰਨਗੀਆਂ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਸੁਗਮਤਾ ਆਵੇਗੀ | ਮਲੋਟ ਸ਼ਹਿਰ ਵਿਚ ਦਾਨੇਵਾਲਾ ਚੌਂਕ ਤੋਂ ਛਾਪਿਆਂਵਾਲੀ ਰੋਡ, ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਤੋਂ ਅਬੋਹਰ ਰੋਡ ਅਤੇ ਮਲੋਟ ਤੋਂ ਪੰਨੀਵਾਲਾ ਰੋਡ ਵਰਗੀਆਂ ਅਹਿਮ ਸੜਕਾਂ ਦੇ ਉਦਘਾਟਨ ਮੌਕੇ ਉਨ੍ਹਾਂ ਦੱਸਿਆ ਕਿ ਲਗਪਗ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਇਹ ਸੜਕਾਂ ਸ਼ਹਿਰ ਦੀ ਟ੍ਰੈਫ਼ਿਕ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਗਤੀਸ਼ੀਲ ਕਰਨਗੀਆਂ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਮਲੋਟ ਖੇਤਰ ਦੀਆਂ ਬਾਕੀ ਸੜਕਾਂ ਦੇ ਨਿਰਮਾਣ ਲਈ ਭੇਜੇ ਗਏ ਅਨੁਮਾਨਾਂ 'ਤੇ ਤਰਤੀਬਵਾਰ ਕਾਰਵਾਈ ਕਰਦਿਆਂ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਪੰਨੀਵਾਲਾ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਸੜਕ ਦੇ ਨਿਰਮਾਣ ਕਾਰਜ ਨੂੰ ਵੀ ਤੁਰੰਤ ਆਰੰਭ ਕਰਨ ਦੀ ਪ੍ਰਕਿਰਿਆ ਜਾਰੀ ਹੈ | ਪਿੰਡ ਤਰਖਾਣਵਾਲਾ ਵਿਚ ਬੈਂਕ ਸ਼ਾਖ਼ਾ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਬੈਂਕਿੰਗ ਸਹੂਲਤਾਂ ਦੀ ਉਪਲਬਧਤਾ ਲੋਕਾਂ ਨੂੰ ਵਿੱਤੀ ਲੈਣ-ਦੇਣ ਵਿਚ ਆਸਾਨੀ ਪ੍ਰਦਾਨ ਕਰੇਗੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਤੇ ਸਿੱਧੇ ਢੰਗ ਨਾਲ ਹੱਕਦਾਰਾਂ ਤੱਕ ਪਹੁੰਚੇਗਾ | ਇਸ ਦੇ ਨਾਲ ਹੀ ਪਿੰਡ ਮਹਾਂਬੱਧਰ ਵਿਚ ਖੇਡ ਟੂਰਨਾਮੈਂਟ 'ਚ ਹਾਜ਼ਰੀ ਲਗਾਉਂਦਿਆਂ ਡਾ. ਬਲਜੀਤ ਕੌਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਖੇਡਾਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਦੀ ਨੀਂਹ ਹਨ, ਜੋ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਸਿਮਰਨਜੀਤ ਸਿੰਘ, ਬਲਰਾਮ ਐੱਸ.ਡੀ.ਓ. ਲੋਕ ਨਿਰਮਾਮ ਵਿਭਾਗ (ਭ ਤੇ ਮ ਸ਼ਾਖ਼ਾ), ਸੁਖਪਾਲ ਸਿੰਘ ਸਰਪੰਚ ਤੇ ਪ੍ਰਧਾਨ ਟਰੱਕ ਯੂਨੀਅਨ, ਬਿੱਟੂ ਜਟਾਣਾ ਬਲਾਕ ਸਮੰਤੀ ਮੈਂਬਰ, ਗੁਰਮੇਲ ਸਿੰਘ ਸਰਪੰਚ ਘੁਮਿਆਰਾ, ਟੋਨੀ ਗਰਗ, ਗੁਰਮੀਤ ਸਿੰਘ ਵਿਰਦੀ, ਕੁਲਦੀਪ ਸਿੰਘ ਬਲਾਕ ਪ੍ਰਧਾਨ, ਊਕਰ ਜਟਾਣਾ, ਹਰਮੇਲ ਸਿੰਘ ਸੰਧੂ ਕੌਂਸਲਰ, ਗਗਨਦੀਪ ਸਿੰਘ ਔਲਖ, ਕਰਮਜੀਤ ਸ਼ਰਮਾ, ਰਮੇਸ਼ ਅਰਨੀਵਾਲਾ ਮੀਡੀਆ ਇੰਚਾਰਜ, ਲਵ ਬੱਤਰਾ, ਕੈਬਨਿਟ ਮੰਤਰੀ ਦੇ ਪੀ.ਏ. ਸ਼ਿੰਦਰਪਾਲ ਸਿੰਘ, ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਹਾਜ਼ਰ ਸਨ |