01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

-ਮਸਲਾ ਬੰਦ ਪਈ ਕੱਸੀ ਅਤੇ ਮੰਡੀ ਦੀ ਪੈਮਾਇਸ਼ ਕਰਨ ਦਾ-<br> ਢੀਮਾਂ ਵਾਲੀ ਵਿਖੇ ਅਕਾਲੀ ਵਰਕਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਸ਼ਰਨ

ਅਜੀਤ ਡੈਸਕ 20-02-2026
ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਢੀਮਾਂ ਵਾਲੀ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦ ਮਾਲ ਵਿਭਾਗ ਦੇ ਅਧਿਕਾਰੀ ਸਥਾਨਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੁੂਦਗੀ 'ਚ ਪਿੰਡ 'ਚ ਬੰਦ ਪਈ ਕੱਸੀ ਅਤੇ ਦਾਣਾ ਮੰਡੀ ਦੀ ਜਗ੍ਹਾ ਦੀ ਪੈਮਾਇਸ਼ ਕਰਨ ਲਈ ਪੁੱਜ ਗਏ | ਇਸ ਮੌਕੇ ਪਿੰਡ ਵਾਸੀ ਦਾਣਾ ਮੰਡੀ 'ਚ ਇਕੱਤਰ ਹੋ ਗਏ | ਦੁਪਹਿਰ ਸਮੇਂ ਹਲਕੇ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਵਰਕਰਾਂ ਵਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਤਣਾਅਪੂਰਨ ਮਾਹੌਲ 'ਚ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸਥਿਤੀ ਨੂੰ ਕੰਟਰੌਲ ਕਰਨ ਲਈ ਭਾਰੀ ਪੁਲਿਸ ਸੁਰੱਖਿਆ ਫ਼ੋਰਸ ਤਾਇਨਾਤ ਕੀਤੀ ਗਈ | ਮੌਕੇ 'ਤੇ ਪਾਣੀ ਦੀਆਂ ਬੁਝਾੜਾਂ ਕਰਨ ਵਾਲੀ ਗੱਡੀ ਵੀ ਵੇਖੀ ਗਈ | ਉਕਤ ਵਿਸ਼ੇ ਨੂੰ ਲੈ ਕੇ ਪਿੰਡ ਵਿਚ ਪਹਿਲਾਂ ਵੀ ਦੋ ਵਾਰ ਵਿਵਾਦ ਪੈਦਾ ਹੋ ਚੁੁੱਕਿਆ ਹੈ, ਜਿਸ 'ਤੇ ਚੱਲਦਿਆਂ ਲੋਕਾਂ ਦੇ ਵਿਰੋਧ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਬਿਨ੍ਹਾਂ ਕੋਈ ਵਿਭਾਗੀ ਕਾਰਵਾਈ ਕੀਤਿਆਂ ਵਾਪਸ ਚਲੇ ਗਏ ਸਨ | ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਢਿੱਲੋਂ ਕੋਟਸੁਖੀਆ ਨੇ ਕਿਹਾ ਕਿ ਉਹ ਇਹ ਮੰਗ ਕਰਦੇ ਹਨ ਕਿ ਸਹੀ ਢੰਗ ਨਾਲ ਨਿਸ਼ਾਨਦੇਹੀ ਪੱਕੇ ਪੱਥਰਾਂ ਤੋਂ ਕੀਤੀ ਜਾਵੇ | ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਹ ਸਰਕਾਰੀ ਕੰਮ-ਕਾਜ ਵੀ ਕੋਈ ਵਿਘਨ ਨਹੀਂ ਪਾਉਣਾ ਚਾਹੁੰਦੇ | ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵਲੋਂ ਕੇਵਲ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨਵੀਂ ਨਿਸ਼ਾਨਦੇਹੀ ਦੇ ਘੇਰੇ 'ਚ ਪਿੰਡ ਵਿਚ ਰਹਿਣ ਵਾਲੇ ਆਮ ਵਰਗ ਨਾਲ ਸਬੰਧਿਤ 20 ਪਰਿਵਾਰ ਅਤੇ 45 ਕੁ ਘਰ ਦਲਿਤ ਪਰਿਵਾਰਾਂ ਨਾਲ ਸਬੰਧਿਤ ਆਉਂਦੇ ਹਨ | ਬਰਾੜ ਨੇ ਕਿਹਾ ਕਿ ਉਹ ਇਨ੍ਹਾਂ ਦਾ ਕੋਈ ਵੀ ਨੁਕਸਾਨ ਬਰਦਾਸ਼ਤ ਨਹੀਂ ਕਰਨਗੇ | ਜੇਕਰ ਲੋੜ ਪਈ ਤਾਂ ਇਨਸਾਫ਼ ਲਈ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ | ਬਰਾੜ ਨੇ ਕਿਹਾ ਕਿ ਪਿੰਡ ਵਿਚ ਦਾਣਾ ਮੰਡੀ ਸਾਲ 1993 ਤੋਂ 95 'ਚ ਬਣੀ ਹੈ ਅਤੇ ਜਦ ਕਿ ਇਸ ਮੰਡੀ ਦੇ ਬਣਨ ਤੋਂ ਪਹਿਲਾਂ ਬਹੁਤ ਸਾਰੇ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਆਪਣਾ ਪੱਕਾ ਰੈਣ-ਬਸੇਰਾ ਬਣਾ ਕੇ ਰਹਿ ਰਹੇ ਹਨ | ਮੌਕੇ 'ਤੇ ਇਕੱਤਰ ਪਿੰਡ ਦੇ ਵਡੇਰੀ ਉਮਰ ਦੇ ਵਿਅਕਤੀਆਂ ਨੇ ਦੱਸਿਆ ਹੈ ਕਿ ਮੁਰੱਬੇਬੰਦੀ ਸਮੇਂ ਸਾਲ 1956 'ਚ ਪਿੰਡ ਦੇ ਖੇਤਾਂ 'ਚੋਂ ਲੰਘਦੀ ਕੱਸੀ ਬੰਦ ਕਰ ਦਿੱਤੀ ਗਈ ਸੀ | ਇਸ ਜਗ੍ਹਾ ਦੀ ਸਾਲ 1998 'ਚ ਪੰਜਾਬ ਸਰਕਾਰ ਵਲੋਂ ਨਿਲਾਮੀ ਕਰਵਾ ਕੇ ਇਸ ਦੀ ਬਣਦੀ 20 ਤੋਂ 25 ਫ਼ੀਸਦੀ ਅਦਾਇਗੀ ਜਮ੍ਹਾਂ ਕਰਵਾ ਲਈ ਗਈ ਸੀ | ਉਦੋਂ ਤੋਂ ਹੀ ਲੋਕ ਇਸ ਜਗ੍ਹਾ ਉਪਰ ਕਾਬਜ਼ ਹਨ | ਪਿੰਡ ਦੇ ਸਾਬਕਾ ਸਰਪੰਚ ਗੁਰਪਿਆਰ ਸਿੰਘ ਦਿਓਲ ਨੇ ਸੀਨੀਅਰ ਅਕਾਲੀ ਆਗੂਆਂ ਹਾਜ਼ਰੀ 'ਚ ਦੱਸਿਆ ਹੈ ਕਿ ਸੱਤ੍ਹਾਧਾਰੀ ਧਿਰ ਦੇ ਆਗੂ ਪਿੰਡ 'ਚ ਅਕਾਲੀ ਦਲ ਦੀ ਮਜ਼ਬੂਤ ਹੋਈ ਸਥਿਤੀ ਤੋਂ ਔਖੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਹੱਥਕੰਢੇ ਵਰਤ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਦ ਕਿ ਉਹ ਪੀੜ੍ਹੀਆਂ ਤੋਂ ਅਕਾਲੀ ਦਲ ਨਾਲ ਜੁੜੇ ਹਨ ਅਤੇ ਜੁੜੇ ਰਹਿਣਗੇ | ਨਵੀਂ ਨਿਸ਼ਾਨਦੇਹੀ ਨਾਲ ਦਲਿਤ ਸਮਾਜ ਦੇ ਬੋਹੜ ਸਿੰਘ, ਅਮਰਜੀਤ ਸਿੰਘ, ਜੱਸਾ ਸਿੰਘ, ਨਿਸ਼ਾਨ ਸਿੰਘ, ਕਮਲਜੀਤ ਸਿੰਘ, ਕਾਲਾ ਸਿੰਘ, ਮਨਜੀਤ ਸਿੰਘ ਅਤੇ ਹੋਰ ਪਰਿਵਾਰ ਪ੍ਰਭਾਵਿਤ ਹੋ ਸਕਦੇ ਹਨ |
ਪਿਛਲੀ ਖ਼ਬਰ ਕਰੰਟ ਲੱਗਣ ਨਾਲ ਕਿਸਾਨ ਆਗੂ ਦੀ ਮੌਤ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਅਤੇ 'ਆਪ' ਆਗੂ ਅਰਸ਼ ਸੱਚਰ ਵੱਲੋਂ 11 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਕਰਵਾਏ ਅਨੰਦ ਕਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।