ਧਰਮਕੋਟ, 27 ਮਾਰਚ (ਪਰਮਜੀਤ ਸਿੰਘ)-ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਰਾਮਨੌਮੀ ਦੇ ਪਾਵਨ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕੰਜਕ ਪੂਜਣ ਦੌਰਾਨ ਕਾਲਜ 'ਚ ਮਾਂ ਦੁਰਗਾ ਦੀ ਆਰਤੀ ਕੀਤੀ ਗਈ, ਜਿਸ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਰਾਮਨੌਮੀ ਦੇ ਤਿਉਹਾਰ ਦੇ ਇਤਿਹਾਸ ਤੇ ਇਸ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਅਧਿਆਪਕਾਂ ਨੇ ਦੱਸਿਆ ਕਿ ਇਹ ਦਿਨ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਇਹ ਸਚਾਈ, ਧਰਮ ਅਤੇ ਨੇਕੀ ਦੇ ਰਾਹ 'ਤੇ ਚੱਲਣ ਦੀ ਪੇ੍ਰਰਨਾ ਦਿੰਦਾ ਹੈ | ਇਸ ਮੌਕੇ ਕੰਜਕ ਪੂਜਣ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦੌਰਾਨ ਛੋਟੀਆਂ ਕੁੜੀਆਂ ਨੂੰ ਮਾਂ ਦੁਰਗਾ ਦੇ ਰੂਪ ਵਜੋਂ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਪ੍ਰਸਾਦ ਵੰਡਿਆਂ ਗਿਆ | ਬੀ.ਏ. ਦੀ ਵਿਦਿਆਰਥਣ ਦੁਆਰਾ ਰਾਮ ਜੀ ਦੀ ਜੀਵਨੀ ਉੱਪਰ ਚਾਨਣਾ ਪਾਇਆ ਗਿਆ | ਕਾਲਜ ਦੇ ਡੀਨ ਨੇ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਨੂੰ ਵਿਦਿਆਰਥੀਆਂ ਦੇ ਚੰਗੇ ਚਰਿੱਤਰ ਨਿਰਮਾਣ ਲਈ ਮਹੱਤਵਪੂਰਨ ਦੱਸਿਆ | ਅੰਤ 'ਚ ਸਭ ਨੇ ਮਿਲ ਕੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਇਸ ਮੌਕੇ ਕਾਲਜ ਦੇ ਅਸਿਸਟੈਂਟ ਪ੍ਰੋ. ਅਰਵਿੰਦਰ ਸਿੰਘ, ਮਨਪ੍ਰੀਤ ਕੌਰ, ਤਨਵੀਰ ਕੌਰ, ਅਨੁਰਾਗ ਕੌਰ, ਕਾਜਲ, ਨਸੀਬ ਸਿੰਘ ਆਦਿ ਹਾਜਰ ਸੀ |