06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੌਸਮ ਸਾਫ਼ ਹੋਣ ਕਾਰਨ ਕਣਕ ਦੀ ਕਟਾਈ-ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ, ਮੰਡੀ 'ਚ ਆਮਦ ਤੇਜ਼

ਅਜੀਤ ਡੈਸਕ 13-04-2026


ਕੋਟਕਪੂਰਾ, 12 ਅਪ੍ਰੈਲ (ਮੇਘਰਾਜ)-ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਸਮੇਤ 16 ਪੇਂਡੂ ਖਰੀਦ ਕੇਂਦਰਾਂ 'ਚ ਕਣਕ ਦੀ ਫਸਲ ਦੀ ਆਮਦ ਤੇਜ਼ ਹੋ ਗਈ ਹੈ ਪਰ ਹਾਲੇ ਤੱਕ ਸਰਕਾਰੀ ਜਾਂ ਪ੍ਰਾਈਵੇਟ ਕਣਕ ਦੀ ਖਰੀਦ ਨਹੀਂ ਹੋਈ | ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ ਨੇ ਦੱਸਿਆ ਕਿ ਮੁੱਖ ਦਾਣਾ ਮੰਡੀ 'ਚ 10 ਹਜ਼ਾਰ ਗੱਟਾ ਤੇ ਪੇਂਡੂ ਖਰੀਦ ਕੇਂਦਰਾਂ 'ਚ ਕਰੀਬ 6 ਹਜ਼ਾਰ ਗੱਟਾ ਕਣਕ ਦੀ ਫ਼ਸਲ ਦਾ ਪਹੁੰਚ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਦਿਨ ਸਾਫ਼ ਹੋਣ ਕਾਰਨ ਕਿਸਾਨ ਗਿੱਲੀ ਫ਼ਸਲ ਦੀ ਕਟਾਈ ਕਰਵਾ ਰਹੇ ਹਨ ਜਿਸ ਕਾਰਨ ਫਸਲ 'ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਫ਼ਸਲ ਵਿਕ ਨਹੀਂ ਸਕੀ | ਉਨ੍ਹਾਂ ਦੱਸਿਆ ਕਿ ਕਣਕ ਦੀ ਨਮੀ ਦੀ ਜਾਂਚ ਕਰਨ ਲਈ ਮੰਡੀ ਦੇ ਗੇਟ 'ਤੇ ਮੰਡੀ ਬੋਰਡ ਦੇ ਕਰਮਚਾਰੀ ਬੈਠੇ ਹਨ ਤੇ ਜਿਸ ਫ਼ਸਲ 'ਚ ਨਮੀ ਦੀ ਮਾਤਰਾ ਜ਼ਿਆਦਾ ਹੈ, ਉਨ੍ਹਾਂ ਟਰਾਲੀਆਂ ਨੂੰ ਵਾਪਸ ਮੋੜ ਦਿੱਤਾ ਜਾ ਰਿਹਾ ਹੈ | ਸਰਕਾਰ ਵਲੋਂ ਕਣਕ 'ਚ ਨਮੀ ਦੀ ਮਾਤਰਾ 12 ਫ਼ੀਸਦੀ ਨਿਰਧਾਰਤ ਕੀਤੀ ਗਈ ਹੈ ਪਰ ਜਾਂਚ ਦੌਰਾਨ ਜ਼ਿਆਦਾਤਰ ਫਸਲਾਂ 'ਚ ਨਮੀ ਦੀ ਮਾਤਰਾ 16 ਫ਼ੀਸਦੀ ਪਾਈ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਚੰਗੀ ਤਰ੍ਹਾ ਸੁਕਾ ਕੇ ਵਢਾਉਣ ਤੇ ਮੰਡੀਆਂ 'ਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਸਮਾਂ ਮੰਡੀਆਂ 'ਚ ਨਾ ਬੈਠਣਾ ਪਵੇ | ਮੌਸਮ ਸਾਫ਼ ਹੋਣ ਕਾਰਨ ਕਿਸਾਨਾਂ ਨੂੰ ਕਣਕ ਵਢਾਉਣ ਲਈ ਕੰਬਾਇਨਾਂ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ | ਕੰਬਾਇਨ ਮਾਲਕਾਂ ਵਲੋਂ ਹਫ਼ਤੇ ਦੀ ਵਾਰੀ ਦਿੱਤੀ ਜਾ ਰਹੀ ਹੈ | ਮੌਸਮ ਖਰਾਬ ਹੋਣ ਦੇ ਡਰੋਂ ਕਿਸਾਨ ਵੀ ਜਲਦੀ ਕਣਕ ਦੀ ਵਾਢੀ ਕਰਨ ਲਈ ਉਤਾਵਲੇ ਹਨ | ਹੁਣ ਤੱਕ ਹੜੰਬੇ ਨਾਲ ਕਣਕ ਦੀ ਕਟਾਈ ਦੀ ਕੋਈ ਖਬਰ ਨਹੀਂ ਮਿਲੀ ਜਦ ਕਿ ਅਗੇਤੀਆਂ ਕਣਕਾਂ ਦੀ ਕਟਾਈ ਕੰਬਾਇਨਾਂ ਨਾਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ | ਕਣਕ ਦੇ ਝਾੜ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਕੰਡੇ 'ਤੇ ਤੁਲੇ ਤੋਂ ਹੀ ਝਾੜ ਦਾ ਸਹੀ ਪਤਾ ਲੱਗੇਗਾ | ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਦੱਸਿਆ ਕਿ ਮੰਡੀਆਂ 'ਚ ਕਣਕ ਦੀ ਫਸਲ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਤੇ ਕਿਸਾਨਾਂ ਲਈ ਫੜ੍ਹਾਂ ਦੀ ਸਫ਼ਾਈ, ਲਾਇਟਾਂ, ਪਖਾਨੇ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਲਏ ਗਏ | ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦਾ ਇਕ ਇਕ ਦਾਣਾ ਸਰਕਾਰ ਵਲੋਂ ਖਰੀਦਿਆ ਜਾਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲ ਸੁਕਾ ਕੇ ਮੰਡੀਆਂ 'ਚ ਲਿਆਉਣ | ਇਸ ਮੌਕੇ ਮੰਡੀ ਸੁਪਰਵਾਈਜ਼ਰ ਅਮਿਤੋਜ਼ ਸ਼ਰਮਾ, ਸਿਮਰਜੀਤ ਸਿੰਘ ਮੱਕੜ ਤੇ ਗੁਰਿੰਦਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਯੂਨਿਟ ਦੀ ਮਹੀਨਾਵਾਰੀ ਮੀਟਿੰਗ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਦਿਆਰਥੀਆਂ ਦਾ ਗੈਟ-ਟੂ-ਗੈਦਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।