ਮੰਡੀ ਕਿੱਲਿਆਂਵਾਲੀ, 29 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪਿੰਡ ਬਾਦਲ ਦੇ ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼ ਵਿਖੇ ਬੀਤੀ ਰਾਤ ਜੀਐਨਐਮ (ਸਾਲ ਦੂਜਾ) ਦੀ 19 ਸਾਲਾ ਵਿਦਿਆਰਥਣ ਤਨੂੰ ਦੀ ਕਥਿਤ ਖੁਦਕੁਸ਼ੀ ਨੂੰ ਉਸਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਿਰੇ ਤੋਂ ਰੱਦ ਕਰਦੇ ਹੋਏ ਸਾਜਿਸ਼ੀ ਹੱਤਿਆ ਕਰਾਰ ਦਿੱਤਾ ਹੈ | ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਇੰਸਟੀਚਿਊਟ ਦੇ ਅੰਦਰੂਨੀ ਪ੍ਰਬੰਧਾਂ 'ਤੇ ਵੱਡੇ ਸਵਾਲ ਚੁੱਕੇ ਹਨ | ਮਿ੍ਤਕਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਜੱਟਵਾਹੜ ਦੀ ਵਸਨੀਕ ਸੀ | ਬੀਤੀ ਰਾਤ ਕਰੀਬ ਸਵਾ 9 ਵਜੇ ਉਸ ਵਲੋਂ ਮੈਸ ਨਾਲ ਲੱਗਦੇ ਸੁੰਨਸਾਨ ਐਮਐਸਸੀ ਹੋਸਟਲ ਦੀ ਪਹਿਲੀ ਮੰਜ਼ਿਲ ਦੇ ਕਮਰਾ ਨੰਬਰ 3 ਵਿਚ ਪੱਖੇ ਨਾਲ ਫਾਹਾ ਲੈ ਕੇ ਕਥਿਤ ਲਟਕੀ ਹੋਈ ਹਾਲਤ ਵਿਚ ਪਾਈ ਗਈ ਸੀ | ਘਟਨਾ ਨਾਲ ਇੰਸਟੀਚਿਊਟ ਦੀ ਅੰਦਰੂਨੀ ਸੁਰੱਖਿਆ ਵਿਵਸਥਾ ਵੱਡੇ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ | ਹੈਰਾਨੀਜਨਕ ਤੌਰ 'ਤੇ ਪਿਛਲੇ ਦੋ ਸਾਲਾਂ ਤੋਂ ਇੱਥੇ ਸੀਸੀਟੀਵੀ ਕੈਮਰੇ ਬੰਦ ਹਨ, ਜਦਕਿ ਅਦਾਰੇ ਵਿਚ ਕਰੀਬ ਪੰਜ ਸੌ ਵਿਦਿਆਰਥਣਾਂ ਰਹਿ ਕੇ ਨਰਸਿੰਗ ਦੀ ਪੜ੍ਹਾਈ ਕਰ ਰਹੀਆਂ ਹਨ | ਵੱਡੀ ਪ੍ਰਬੰਧਕੀ ਖਾਮੀ ਸਾਹਮਣੇ ਆਈ ਹੈ ਕਿ ਸੁੰਨਸਾਨ ਐਮਐਸਸੀ ਹੋਸਟਲ ਨੂੰ ਕੋਈ ਜਿੰਦਰਾ ਨਹੀਂ ਲੱਗਿਆ ਸੀ ਅਤੇ ਲਗਭਗ ਸਾਰੇ ਕਮਰੇ ਵੀ ਬਿਨਾਂ ਜਿੰਦਰੇ ਤੋਂ ਸਨ | ਮਿ੍ਤਕਾ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਥਿਤ ਘਟਨਾ ਵਾਲੇ ਹੋਸਟਲ ਦੇ ਐਮਐਸਸੀ ਵਾਰਡ ਦੇ ਕਮਰਾ ਨੰਬਰ 3 ਦਾ ਜਾਇਜ਼ਾ ਲਿਆ | ਉਨ੍ਹਾਂ ਛੱਤ ਪੱਖੇ ਦੇ ਟੇਢੇ ਖੰਭ ਤੇ ੳੱੁਪਰ ਜੰਮੀ ਪੁਰਾਣੀ ਮਿੱਟੀ ਦੀ ਪਰਤ ਆਧਾਰ 'ਤੇ ਦਾਅਵਾ ਕੀਤਾ ਕਿ ਸਥਿਤੀ ਖੁਦਕੁਸ਼ੀ ਨਾਲ ਮੇਲ ਨਹੀਂ ਖਾਂਦੀ | ਉਨ੍ਹਾਂ ਦੋਸ਼ ਲਗਾਇਆ ਕਿ ਵਾਰਡਨ ਅਤੇ ਪਿ੍ੰਸੀਪਲ ਵਲੋਂ ਸਮੇਂ ਸਿਰ ਸੂਚਿਤ ਨਹੀਂ ਕੀਤਾ ਗਿਆ ਅਤੇ ਹਾਦਸੇ ਲਈ ਪ੍ਰਬੰਧਨ ਦੀ ਲਾਪਰਵਾਹੀ ਜ਼ਿੰਮੇਵਾਰ ਹੈ | ਬਲਾਕ ਸੰਮਤੀ ਨੂਰਪੁਰ ਬੇਦੀ ਦੇ ਸਾਬਕਾ ਮੀਤ ਚੇਅਰਮੈਨ ਮੋਹਣ ਸਿੰਘ ਨੇ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ ਤੇ ਸਾਜਿਸ਼ ਤਹਿਤ ਕਤਲ ਹੋ ਸਕਦਾ ਹੈ | ਮਾਪਿਆਂ ਨੇ ਤਨੂੰ ਦੇ ਹੋਸਟਲ ਕਮਰਾ ਨੰਬਰ 204 ਵਿਚ ਉਸਦਾ ਸਾਮਾਨ ਫਰੋਲ ਕੇ ਖੁਦਕੁਸ਼ੀ ਨੋਟ ਦੀ ਭਾਲ ਵੀ ਕੀਤੀ | ਮਿ੍ਤਕਾ ਦੇ ਮਜ਼ਦੂਰ ਪਿਤਾ ਜਸਵਿੰਦਰ ਸਿੰਘ ਦੀ ਵਿਰਲਾਪ ਕਾਰਨ ਹਾਲਤ ਕਾਫੀ ਮਾੜੀ ਸੀ | ਉਨ੍ਹਾਂ ਕਿਹਾ ਕਿ ਤਨੂੰ ਜ਼ਿੰਦਗੀ ਸੰਵਾਰਨ ਲਈ ਇੱਥੇ ਪੜ੍ਹਨ ਆਈ ਸੀ, ਪਰ ਹਮੇਸ਼ਾਂ ਲਈ ਚਲੀ ਗਈ | ਪਿਤਾ ਜਸਵਿੰਦਰ ਸਿੰਘ ਤੇ ਚਾਚਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:38 ਵਜੇ ਤਨੂੰ ਦੀ ਆਪਣੀ ਮਾਂ ਨਾਲ ਖੁਸ਼ਗਵਾਰ ਮਾਹੌਲ ਵਿਚ ਗੱਲ ਹੋਈ ਸੀ | ਥੋੜ੍ਹੇ ਸਮੇਂ ਬਾਅਦ ਖੁਦਕੁਸ਼ੀ ਦੀ ਗੱਲ ਗੰਭੀਰ ਖਦਸ਼ੇ ਪੈਦਾ ਕਰਦੀ ਹੈ | ਪਿਤਾ ਨੇ ਕਿਹਾ ਕਿ ਤਨੂੰ ਹੌਂਸਲੇਮੰਦ ਤੇ ਸਮਝਦਾਰ ਲੜਕੀ ਸੀ | ਪਿ੍ੰਸੀਪਲ ਪ੍ਰਭਜੋਤ ਕੌਰ ਦੀ ਮੌਜੂਦਗੀ 'ਚ ਤਨੂੰ ਦੀਆਂ ਸਹਿ ਪਾਠਨਾਂ ਨਾਲ ਮੁਲਾਕਾਤ ਮਗਰੋਂ ਸਾਬਕਾ ਸਰਪੰਚ ਪਿਆਰੇ ਲਾਲ, ਸਾਬਕਾ ਮੀਤ ਚੇਅਰਮੈਨ ਮੋਹਣ ਸਿੰਘ ਤੇ ਸਾਬਕਾ ਸਰਪੰਚ ਕੇਸਰ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਰਾਜਵੀਰ ਸਿੰਘ, ਕੁਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਵਿਦਿਆਰਥਣਾਂ ਨੂੰ ਦਬਾਅ ਹੇਠ ਸੀਮਿਤ ਬੋਲਣ ਲਈ ਮਜਬੂਰ ਕੀਤਾ ਗਿਆ | ਘਟਨਾ ਮਗਰੋਂ ਹੋਸਟਲ ਦੀਆਂ ਕਰੀਬ ਛੇ ਵਿਦਿਆਰਥਣਾਂ ਦੀ ਹਾਲਤ ਵੀ ਵਿਗੜ ਗਈ ਸੀ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਦਲ ਵਿਚ ਦਾਖਲ ਕਰਵਾਇਆ ਗਿਆ, ਜਦਕਿ ਇਕ ਨੂੰ ਬਠਿੰਡਾ ਰੈਫਰ ਕਰਨਾ ਪਿਆ | ਥਾਣਾ ਲੰਬੀ ਦੇ ਮੁਖੀ ਜਸਬੀਰ ਸਿੰਘ ਨੇ ਕਿਹਾ ਕਿ ਮਿ੍ਤਕਾ ਦੇ ਵਾਰਸਾਂ ਦੇ ਬਿਆਨ 'ਤੇ ਧਾਰਾ 194 ਤਹਿਤ ਪੋਸਟਮਾਰਟਮ ਕਰਵਾ ਲਿਆ ਗਿਆ ਹੈ, ਪਰ ਵਾਰਸਾਂ ਨੇ ਉੱਚ ਪੱਧਰੀ ਪੜਤਾਲ ਕਰਵਾ ਕੇ ਅਸਲ ਹਕੀਕਤ ਅਤੇ ਮੁਲਜ਼ਮਾਂ ਤੱਕ ਪੁੱਜਣ ਦੀ ਮੰਗ ਕੀਤੀ ਹੈ | ਇੰਸਟੀਚਿਊਟ ਦੇ ਪਿ੍ੰਸੀਪਲ ਪ੍ਰਭਜੋਤ ਕੌਰ ਨੇ ਕਿਹਾ ਕਿ ਹੋਸਟਲ ਵਿਦਿਆਰਥਣਾਂ ਨੇ ਮੰਦਭਾਗੀ ਘਟਨਾ ਸਬੰਧੀ ਆ ਕੇ ਦੱਸਿਆ ਸੀ | ਉਨ੍ਹਾਂ ਕਿਸੇ ਤਰ੍ਹਾਂ ਦੀ ਸਾਜਿਸ਼ ਨੂੰ ਨਕਾਰਦੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਸਬੰਧੀ ਮੁੱਖ ਦਫ਼ਤਰ ਨੂੰ ਪਹਿਲਾਂ ਹੀ ਲਿਖਿਆ ਹੋਇਆ ਹੈ |