19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਲੋਟ ਦੇ ਸਰਕਾਰੀ ਹਸਪਤਾਲ 'ਚ ਬੱਚਾ ਬਦਲਣ ਦੇ ਦੋਸ਼ਾਂ ਨਾਲ ਮਚੀ ਸਨਸਨੀ

ਅਜੀਤ ਡੈਸਕ 11-05-2026
ਮਲੋਟ, 10 ਮਈ (ਪਾਟਿਲ)-ਮਲੋਟ ਦੇ ਸਿਵਲ ਹਸਪਤਾਲ ਵਿਚ ਬੀਤੇ ਦਿਨ ਇਕ ਔਰਤ ਵਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਬੱਚਾ ਬਦਲਣ ਦੇ ਦੋਸ਼ਾਂ ਕਾਰਨ ਮਾਹੌਲ ਸਨਸਨੀਖੇਜ਼ ਬਣ ਗਿਆ | ਪਰਿਵਾਰ ਵਲੋਂ ਦੋਸ਼ ਲਗਾਇਆ ਗਿਆ ਕਿ ਜਨਮ ਸਮੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਲੜਕਾ ਪੈਦਾ ਹੋਇਆ ਹੈ, ਪਰ ਬਾਅਦ ਵਿਚ ਉਨ੍ਹਾਂ ਨੂੰ ਲੜਕੀ ਦਿੱਤੀ ਗਈ | ਇਸ ਗੱਲ ਨੂੰ ਲੈ ਕੇ ਪਰਿਵਾਰ ਨੇ ਨਵਜੰਮੀ ਬੱਚੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜਨਮ ਤੋਂ ਤੁਰੰਤ ਬਾਅਦ ਬੱਚੀ ਦੀ ਹਾਲਤ ਗੰਭੀਰ ਬਣ ਗਈ ਸੀ, ਜਿਸ ਕਾਰਨ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਇਸ ਦੌਰਾਨ ਪਰਿਵਾਰ ਵਲੋਂ ਨਾ ਸਿਰਫ਼ ਬੱਚੀ ਨੂੰ ਆਪਣਾ ਮੰਨਣ ਤੋਂ ਇਨਕਾਰ ਕੀਤਾ ਗਿਆ, ਸਗੋਂ ਇਲਾਜ ਵਿਚ ਵੀ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ | ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਖ਼ੁਦ ਨਿੱਜੀ ਹਸਪਤਾਲ ਪਹੁੰਚੇ ਅਤੇ ਬੱਚੀ ਦੀ ਸਿਹਤ ਤੇ ਇਲਾਜ ਸੰਬੰਧੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚੀ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਡਾਕਟਰਾਂ ਵਲੋਂ ਉਸ ਦੀ ਸੰਭਾਲ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ | ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਮਾਂ ਦਿਵਸ ਦੇ ਮੌਕੇ 'ਤੇ ਇਹ ਬਹੁਤ ਦੁਖਦਾਈ ਗੱਲ ਹੈ ਕਿ ਇਕ ਮਾਂ ਆਪਣੀ ਧੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੀ ਹੈ | ਪੰਜਾਬ ਸਰਕਾਰ ਵਲੋਂ ਬੱਚੀ ਦੇ ਇਲਾਜ ਤੇ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਾਊਾਸਲਿੰਗ ਕਰਕੇ ਪਹਿਲੀ ਕੋਸ਼ਿਸ਼ ਮਾਪਿਆਂ ਨੂੰ ਸਮਝਾ ਕੇ ਬੱਚੀ ਨੂੰ ਅਪਣਾਉਣ ਲਈ ਤਿਆਰ ਕਰਨ ਦੀ ਰਹੇਗੀ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਾਪੇ ਬੱਚੀ ਨੂੰ ਸਵੀਕਾਰ ਨਹੀਂ ਕਰਦੇ ਤਾਂ ਕਾਨੂੰਨੀ ਪ੍ਰਕਿਰਿਆ ਤਹਿਤ ਬੱਚੀ ਨੂੰ ਅਡਾਪਸ਼ਨ ਪ੍ਰਕਿਰਿਆ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ, ਤਾਂ ਜੋ ਉਸ ਦੀ ਸੁਰੱਖਿਅਤ ਪ੍ਰਵਰਿਸ਼ ਹੋ ਸਕੇ | ਕੈਬਨਿਟ ਮੰਤਰੀ ਨੇ ਸਮਾਜ ਨੂੰ ਧੀਆਂ ਪ੍ਰਤੀ ਸੋਚ ਬਦਲਣ ਦੀ ਅਪੀਲ ਕਰਦਿਆਂ ਕਿਹਾ ਕਿ ਧੀਆਂ ਨੂੰ ਠੁਕਰਾਉਣ ਦੀ ਬਜਾਏ, ਉਨ੍ਹਾਂ ਨੂੰ ਸੁਰੱਖਿਅਤ ਭਵਿੱਖ ਦਿੱਤਾ ਜਾਣਾ ਚਾਹੀਦਾ ਹੈ | ਉਧਰ ਇਸ ਮਾਮਲੇ ਵਿਚ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਪਰਿਵਾਰ ਵਲੋਂ ਹਸਪਤਾਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਹਸਪਤਾਲ ਪ੍ਰਸ਼ਾਸਨ ਵਲੋਂ ਵੀ ਆਪਣਾ ਪੱਖ ਰੱਖਿਆ ਜਾਣਾ ਬਾਕੀ ਹੈ | ਮਾਮਲੇ ਦੀ ਸੱਚਾਈ ਤੇ ਪੁਖ਼ਤਾ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਹੀ ਸਾਹਮਣੇ ਆ ਸਕੇਗੀ | ਜ਼ਿਕਰਯੋਗ ਹੈ ਕਿ ਪਰਿਵਾਰ ਫ਼ਿਰੋਜ਼ਾਬਾਦ ਯੂ.ਪੀ. ਦਾ ਰਹਿਣ ਵਾਲਾ ਹੈ ਅਤੇ ਤਿੰਨ ਕੁ ਸਾਲ ਪਹਿਲਾਂ ਇੱਥੇ ਆ ਕੇ ਵਸਿਆ ਹੈ |
ਪਿਛਲੀ ਖ਼ਬਰ ਭਾਜਪਾ ਦੇ ਧੱਕੇ ਅੱਗੇ 'ਆਪ' ਦਾ ਵਰਕਰ ਨਹੀਂ ਝੁਕੇਗਾ-ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।