ਫ਼ਰੀਦਕੋਟ, 11 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਅਸਿਸਟੈਂਟ ਪ੍ਰੋਫੈਸਰ ਮਨਿੰਦਰ ਸਿੰਘ ਨੇ ਐਨ.ਸੀ.ਸੀ. ਆਫ਼ੀਸਰਜ਼ ਟਰੇਨਿੰਗ ਅਕੈਡਮੀ ਵਿਚ ਕਰਵਾਏ ਗਏ 90 ਦਿਨਾਂ ਦੇ ਪ੍ਰੀ-ਕਮਿਸ਼ਨ ਟਰੇਨਿੰਗ ਕੋਰਸ ਨੂੰ ਸਫਲਤਾ ਪੂਰਵਕ ਪੂਰਾ ਕੀਤਾ ਹੈ | ਹੁਣ ਕੈਡਿਟ ਟਰੇਨਿੰਗ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਮਨਿੰਦਰ ਸਿੰਘ ਨੂੰ ਐਸੋਸੀਏਟ ਐਨ.ਸੀ.ਸੀ. ਅਫ਼ਸਰ ਵਜੋਂ ਨਿਯੁਕਤ ਕਰਦੇ ਹੋਏ ਲੈਫਟੀਨੈਂਟ ਦੇ ਰੈਂਕ ਨਾਲ ਕਮਿਸ਼ਨਡ ਕੀਤਾ ਗਿਆ ਹੈ | ਟਰੇਨਿੰਗ ਦੌਰਾਨ ਉਨ੍ਹਾਂ ਨੇ ਸਰੀਰਕ ਫਿਟਨੈੱਸ, ਡਿ੍ਲ ਸਕੁਐਰ ਟੈਸਟ, ਹਥਿਆਰ ਚਲਾਉਣ ਦੀ ਟਰੇਨਿੰਗ (ਫਾਇਰਿੰਗ), ਕੈਂਪ ਅਤੇ ਫ਼ੀਲਡ ਕ੍ਰਾਫਟ, ਮੈਪ ਰੀਡਿੰਗ ਅਤੇ ਲੀਡਰਸ਼ਿਪ ਵਿਕਾਸ ਵਰਗੀਆਂ ਕਠੋਰ ਅਤੇ ਵਿਸਤਿ੍ਤ ਗਤੀਵਿਧੀਆਂ ਵਿਚ ਭਾਗ ਲਿਆ | ਉਨ੍ਹਾਂ ਨੇ ਪਾਸਿੰਗ-ਆਉਟ ਪਰੇਡ ਵਿਚ ਭਾਗ ਲੈਣ ਦੇ ਨਾਲ-ਨਾਲ ਐਨ.ਸੀ.ਸੀ. ਟਰੇਨਰਜ਼ ਅਤੇ ਪਰਸਨਾਲਿਟੀ ਡਿਵੈਲਪਮੈਂਟ ਸੰਬੰਧੀ ਡਿਪਲੋਮਾ ਕੋਰਸ ਵੀ ਸਫਲਤਾ ਪੂਰਵਕ ਪੂਰਾ ਕੀਤਾ | ਮਨਿੰਦਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਟਰੇਨਿੰਗ ਸਰੀਰਕ ਤੌਰ 'ਤੇ ਬਹੁਤ ਮੁਸ਼ਕਿਲ ਅਤੇ ਮਾਨਸਿਕ ਤੌਰ 'ਤੇ ਚੁਣੌਤੀਪੂਰਨ ਰਹੀ | ਇਸ ਟਰੇਨਿੰਗ ਨੇ ਉਨ੍ਹਾਂ ਅੰਦਰ ਅਨੁਸ਼ਾਸਨ, ਨੇਤਿ੍ਤਵ ਅਤੇ ਦਿ੍ੜਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ | ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬਾਬਾ ਫ਼ਰੀਦ ਲਾਅ ਕਾਲਜ ਅਤੇ ਐਨ.ਸੀ.ਸੀ. ਭਾਈਚਾਰੇ ਵਿਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ | ਕਾਲਜ ਦੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਮਨਿੰਦਰ ਸਿੰਘ ਨੂੰ ਵਧਾਈ ਦਿੱਤੀ |