08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

'ਜਨ ਸਿਹਤ ਅਭਿਆਨ' ਤਹਿਤ ਇਕ ਰੋਜ਼ਾ ਵਰਕਸ਼ਾਪ ਸਫ਼ਲਤਾ ਪੂਰਵਕ ਸਮਾਪਤ

ਅਜੀਤ ਡੈਸਕ 12-05-2026
ਫ਼ਰੀਦਕੋਟ, 11 ਮਈ (ਜਸਵੰਤ ਸਿੰਘ ਪੁਰਬਾ)-ਭਾਰਤ ਗਿਆਨ-ਵਿਗਿਆਨ ਸੰਮਤੀ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੇਵਾ ਮੁਕਤ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਫ਼ਰੀਦਕੋਟ-3 ਮਾਸਟਰ ਮੁਕੰਦ ਸਿੰਘ ਯਾਦਗਾਰੀ ਹਾਲ ਵਿਚ ਇਕ ਰੋਜ਼ਾ 'ਜਨ ਸਿਹਤ ਅਭਿਆਨ' ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੀ ਪ੍ਰਧਾਨਗੀ ਭਾਰਤ ਗਿਆਨ ਵਿਗਿਆਨ ਸੰਮਤੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਓ.ਪੀ. ਭੁਰੇਟਾ, ਜਨ ਸਿਹਤ ਅਭਿਆਨ ਦੇ ਰਾਸ਼ਟਰੀ ਕੋ-ਕਨਵੀਨਰ ਪ੍ਰੋ. ਸਤਨਾਮ, ਕੋ-ਕਨਵੀਨਰ ਪ੍ਰੋ. ਰਿਚਾ ਅਤੇ ਕੋ-ਕਨਵੀਨਰ ਪ੍ਰੋ. ਇੰਦਰਨੀਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ ਨੇ ਕੀਤੀ | ਵਰਕਸ਼ਾਪ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਗਿਆਨ ਵਿਗਿਆਨ ਸੰਮਤੀ ਦੇ ਵੁਮੈਨ ਸੈੱਲ ਦੇ ਕੋਆਰਡੀਨੇਟਰ ਆਸ਼ਾ ਰਾਣੀ ਚੌਧਰੀ ਦੇ ਸਵਾਗਤੀ ਭਾਸ਼ਣ ਨਾਲ ਹੋਈ ਅਤੇ ਜ਼ਿਲ੍ਹਾ ਕੋਆਰਡੀਨੇਟਰ ਜਗਤਾਰ ਸਿੰਘ ਬਰਾੜ ਵਲੋਂ ਵਰਕਸ਼ਾਪ ਦੀ ਰੂਪ ਰੇਖਾ ਸਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਵਰਕਸ਼ਾਪ 'ਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਅਮੇਠੀ ਯੂਨੀਵਰਸਿਟੀ ਦੇ ਪ੍ਰੋ. ਸਤਨਾਮ ਵਲੋਂ ਜਨ ਸਿਹਤ ਅਭਿਆਨ ਚਲਾਉਣ ਦਾ ਉਦੇਸ਼ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੇਂਡੂ ਪੱਧਰ ਤੋਂ ਰਾਸ਼ਟਰੀ ਪੱਧਰ ਤੱਕ ਲੈ ਜਾਣ ਦੀ ਰਣਨੀਤੀ ਤੋਂ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਜਨ ਸਿਹਤ ਅਭਿਆਨ ਦਾ ਉਦੇਸ਼ ਸਿਹਤ ਨੂੰ ਇਕ ਅਧਿਕਾਰ ਵਜੋਂ ਸਥਾਪਿਤ ਕਰਕੇ ਇਸਦੇ ਇਲਾਜ ਲਈ ਸਰਕਾਰ ਦੀ ਜ਼ਿੰਮੇਵਾਰੀ ਤਹਿ ਕਰਨਾ ਹੈ | ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਓ.ਪੀ. ਭੁਰੇਟਾ ਨੇ ਜਿੱਥੇ ਗਿਆਨ-ਵਿਗਿਆਨ ਸੰਮਤੀ ਦੇ ਇਤਿਹਾਸ ਦੀ ਬਾਤ ਪਈ ਉੱਥੇ ਸਿਹਤ ਸੁਧਾਰਾਂ ਨੂੰ ਲੈ ਕੇ ਭਾਰਤ ਦੇ ਭਵਿੱਖ ਨੂੰ ਹੋਰ ਉੱਜਵਲ ਬਣਾਉਣ ਲਈ ਪੂਰੇ ਭਾਰਤ ਅੰਦਰ ਚਲਾਏ ਜਾਣ ਵਾਲੇ ਜਨ ਅਭਿਆਨਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪ੍ਰਾਇਆ | ਦੇਹਰਾਦੂਨ ਯੂਨੀਵਰਸਿਟੀ ਦੀ ਅਰਥ ਸ਼ਾਸਤਰ ਦੀ ਪ੍ਰੋਫੈਸਰ ਰਿਚਾ ਨੇ ਭਾਰਤ ਦੇ ਸਿਹਤ ਢਾਂਚੇ ਦੀਆਂ ਨਾਕਾਮੀਆਂ ਨੂੰ ਅੰਕੜਿਆਂ ਸਹਿਤ ਪੇਸ਼ ਕਰਦਿਆਂ ਕਿਹਾ ਜਿਨ੍ਹਾਂ ਚਿਰ ਹੋਰਨਾਂ ਅਧਿਕਾਰਾਂ ਵਲੋਂ ਸਿਹਤ ਅਧਿਕਾਰ ਨਹੀਂ ਬਣ ਜਾਂਦਾ ਓਨਾ ਚਿਰ ਦੇਸ਼ ਅੰਦਰ ਸਿਹਤ ਸਹੂਲਤਾਂ ਦਾ ਦੀਵਾਲਾ ਹੀ ਨਿਕਲਦਾ ਰਹੇਗਾ | ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨ ਸਿਹਤ ਅਭਿਆਨ ਦਾ ਹਿੱਸਾ ਬਣ ਕੇ ਸਿਹਤ ਨੂੰ ਇਕ ਮੁੱਢਲੇ ਅਧਿਕਾਰ ਵਜੋਂ ਦਾਖਲ ਕਰਵਾਉਣ 'ਚ ਆਪਣਾ ਯੋਗਦਾਨ ਪਾਉਣ | ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਇੰਦਰਨੀਲ ਵਲੋਂ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਦਾ ਕੱਚ-ਸੱਚ ਬਿਆਨ ਕਰਦਿਆਂ ਦੱਸਿਆ ਕਿ ਇਹ ਬੀਮਾ ਯੋਜਨਾਵਾਂ ਸਿਰਫ਼ ਤੇ ਸਿਰਫ਼ ਪੂੰਜੀਪਤੀ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਹਨ ਜਦਕਿ ਇਨ੍ਹਾਂ ਦੇ ਚਲਦਿਆਂ ਆਮ ਲੋਕਾਂ ਦਾ ਜੇਬ ਖ਼ਰਚ ਦੁੱਗਣਾ ਹੋ ਰਿਹਾ ਹੈ | ਵਰਕਾਸ਼ਾਪ ਦੇ ਦੂਜੇ ਪੜਾਅ ਅੰਦਰ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਕਮੇਟੀ ਦੀ ਚੋਣ ਵੀ ਕੀਤੀ ਗਈ | ਸਮੁੱਚੀ ਵਰਕਸ਼ਾਪ ਦੌਰਾਨ ਸੁਖਮੰਦਰ ਸਿੰਘ ਬਰਾੜ ਵਲੋਂ ਸੂਤਰਧਾਰ ਦੀ ਭੂਮਿਕਾ ਨਿਭਾਈ ਗਈ | ਵਰਕਸ਼ਾਪ ਦੇ ਵੱਖ-ਵੱਖ ਪੜਾਵਾਂ ਦੌਰਾਨ ਪ੍ਰਸਿੱਧ ਗਾਇਕ ਬੂਟਾ ਪੈਰਿਸ, ਨੌਜਵਾਨ ਕਵੀ ਵਰਿੰਦਰ ਔਲਖ, ਗੁਰਪ੍ਰੀਤ ਸਿੰਘ ਗੋਪੀ ਅਤੇ ਪਵਨ ਕੁਮਾਰ ਵਲੋਂ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀ ਗਈਆਂ | ਇਸ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਗਿਆਨ ਵਿਗਿਆਨ ਸੰਮਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਜਗਤਾਰ ਸਿੰਘ ਬਰਾੜ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਗੁਰਦੇਵ ਚੌਧਰੀ, ਮੁੱਖ ਅਧਿਆਪਕ ਜਸਵਿੰਦਰ ਜੱਸੀ, ਨੌਜਵਾਨ ਭਾਰਤ ਸਭਾ ਦੇ ਆਗੂ ਬਲਵਿੰਦਰ ਸਿੰੰਘ ਔਲਖ, ਬੀ.ਕੇ.ਯੂ. ਦੇ ਆਗੂ ਸ਼ਰਨਜੀਤ ਸਿੰਘ, ਗੁਰਜੀਤ ਸਿੰਘ ਢਿੱਲੋਂ, ਤਰਕਸ਼ੀਲ ਆਗੂ ਜਗਪਾਲ ਸਿੰਘ ਬਰਾੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਮਨਿੰਦਰ ਸਿੰਘ ਨੇ ਹਾਸਿਲ ਕੀਤਾ ਐਨ.ਸੀ.ਸੀ. ਲੈਫ਼ਟੀਨੈਂਟ ਰੈਂਕ ਅਗਲੀ ਖ਼ਬਰ ਮਾਰੂ ਹਥਿਆਰਾਂ ਸਮੇਤ ਪੁਲਿਸ ਵਲੋਂ ਪੰਜ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।