07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦਲ ਬਦਲੂਆਂ ਦਾ ਬੋਲਬਾਲਾ ਭਾਰੂ <br/>

ਅਜੀਤ ਡੈਸਕ 15-05-2026
ਜੈਤੋ, 14 ਮਈ (ਗੁਰਮੀਤਪਾਲ ਰੋੜੀਕਪੂਰਾ)-ਨਗਰ ਕੌਂਸਲ ਚੋਣਾਂ ਦੇ ਐਲਾਨ ਨਾਲ ਹੀ ਜੈਤੋ ਦੀ ਸਿਆਸਤ ਵਿਚ ਦਲ ਬਦਲੂ ਆਗੂਆਂ ਦੀ ਚਲਹਾਤ ਅਚਾਨਕ ਤੇਜ਼ ਹੋ ਗਈ ਹੈ | ਹਰ ਰੋਜ਼ ਨਵੇਂ-ਨਵੇਂ ਚਿਹਰੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਦੂਸਰੇ ਦਲਾਂ ਵਿਚ ਸ਼ਾਮਿਲ ਹੋ ਰਹੇ ਹਨ | ਚੋਣਾਂ ਤੋਂ ਠੀਕ ਪਹਿਲਾਂ ਹੋ ਰਹੇ ਇਸ ਸਿਆਸੀ ਉਲਟਫ਼ੇਰ ਨੇ ਨਾ ਸਿਰਫ਼ ਵਰਕਰਾਂ ਨੂੰ ਹੈਰਾਨ ਕੀਤਾ ਹੈ, ਸਗੋਂ ਆਮ ਲੋਕਾਂ ਵਿਚ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ | ਜਿਹੜੇ ਆਗੂ ਕੱਲ੍ਹ ਤੱਕ ਆਪਣੀ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਅਤੇ ਲੀਡਰਸ਼ਿਪ ਦੇ ਗੁਣ ਗਾਂਉਦੇ ਨਹੀਂ ਥੱਕਦੇ ਸਨ, ਉਹੀ ਅੱਜ ਟਿਕਟ ਅਹੁਦੇ ਜਾਂ ਨਿੱਜੀ ਸਵਾਰਥਾਂ ਲਈ ਦੂਸਰੀਆਂ ਪਾਰਟੀਆਂ ਦਾ ਪੱਲਾ ਫੜਦੇ ਨਜ਼ਰ ਆ ਰਹੇ ਹਨ | ਚੋਣੀ ਮੌਸਮ ਵਿਚ ਵਿਚਾਰਧਾਰਾ ਨਾਲੋਂ ਫ਼ਾਇਦਾ ਵੱਡਾ ਹੋ ਜਾਣਾ ਲੋਕਤੰਤਰ ਅਤੇ ਸਿਆਸੀ ਨੈਤਿਕਤਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਕਿਸੇ ਆਗੂ ਨੂੰ ਆਪਣੀ ਪਾਰਟੀ ਵਿਚ ਮੌਕਾ ਘੱਟ ਦਿਖਾਈ ਦਿੰਦਾ ਹੈ ਤਾਂ ਉਸ} ਦੂਸਰੀ ਪਾਰਟੀ ਦੀ 'ਥਾਲੀ ਦਾ ਲੱਡੂ' ਵੱਡਾ ਦਿਖਣ ਲੱਗ ਪੈਂਦਾ ਹੈ ਪਰ ਵਾਰ-ਵਾਰ ਦਲ ਬਦਲਣ ਵਾਲੇ ਆਗੂਆਂ ਦੀ ਭਰੋਸੇ ਯੋਗਤਾ 'ਤੇ ਹੁਣ ਲੋਕ ਵੀ ਖੁੱਲ੍ਹ ਕੇ ਸਵਾਲ ਚੁੱਕਣ ਲੱਗੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਗੂ ਆਪਣੇ ਸਿਧਾਂਤਾਂ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦਾ ਤਾਂ ਉਹ ਜਨਤਾ ਨਾਲ ਕਿੰਨਾ ਨਿਭੇਗਾ, ਇਹ ਵੀ ਸੋਚਣ ਵਾਲੀ ਗੱਲ ਹੈ | ਇਸ ਦਲ ਬਦਲੀ ਦੇ ਰੁਝਾਨ ਨੇ ਪਾਰਟੀਆਂ ਦੇ ਪੁਰਾਣੇ ਅਤੇ ਵਫ਼ਾਦਾਰ ਵਰਕਰਾਂ ਵਿਚ ਵੀ ਨਿਰਾਸ਼ਾ ਦੀ ਲਹਿਰ ਪੈਦਾ ਕਰ ਦਿੱਤੀ ਹੈ | ਕਈ ਵਰਕਰਾਂ ਦਾ ਮੰਨਣਾ ਹੈ ਕਿ ਜੋ ਲੋਕ ਸਾਲਾਂ ਤੱਕ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਤੋਂ ਠੀਕ ਪਹਿਲਾਂ ਆਏ ਹੋਏ ਲੋਕਾਂ ਨੂੰ ਤਰਜੀਹ ਦੇਣਾ ਪਾਰਟੀ ਅਨੁਸ਼ਾਸਨ ਅਤੇ ਵਰਕਰਾਂ ਦੇ ਮਨੋਬਲ ਲਈ ਵੱਡਾ ਝਟਕਾ ਹੈ | ਆਮ ਲੋਕਾਂ ਵਿਚ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਕੀ ਦਲ ਬਦਲਣ ਵਾਲੇ ਆਗੂ ਸੱਚਮੁੱਚ ਵਿਕਾਸ ਕਾਰਜਾਂ, ਸਿਹਤ ਸਹੂਲਤਾਂ, ਸਫ਼ਾਈ ਪ੍ਰਬੰਧ ਅਤੇ ਗਲੀਆਂ-ਮੁਹੱਲਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਹਨ ਜਾਂ ਫਿਰ ਇਹ ਸਾਰੀ ਕਵਾਇਦ ਸਿਰਫ਼ ਸਿਆਸੀ ਲਾਭ ਅਤੇ ਸੱਤਾ ਤੱਕ ਪਹੁੰਚਣ ਲਈ ਹੀ ਕੀਤੀ ਜਾ ਰਹੀ ਹੈ | ਐਮ. ਸੀ. ਚੋਣਾਂ ਦੇ ਨੇੜੇ ਆਉਣ ਨਾਲ ਜੈਤੋ ਦੀ ਸਿਆਸਤ ਹੋਰ ਗਰਮਾਉਣ ਦੀ ਸੰਭਾਵਨਾ ਹੈ | ਆਉਣ ਵਾਲੇ ਦਿਨਾਂ ਵਿਚ ਹੋਰ ਕਈ ਵੱਡੇ ਸਿਆਸੀ ਉਲਟਫੇਰ ਅਤੇ ਦਲ ਬਦਲਣ ਦੀਆਂ ਖ਼ਬਰਾਂ ਸਾਹਮਣੇ ਆ ਸਕਦੀਆਂ ਹਨ, ਜਿਸ ਨਾਲ ਚੋਣੀ ਮਾਹੌਲ ਹੋਰ ਦਿਲਚਸਪ, ਤਣਾਅ ਭਰਿਆ ਅਤੇ ਚਰਚਿਤ ਬਣਦਾ ਨਜ਼ਰ ਆ ਰਿਹਾ ਹੈ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਫ਼ਰੀਦਕੋਟ 'ਚ ਉਮੀਦਵਾਰ ਐਲਾਨਣ 'ਚ ਬਾਜ਼ੀ ਮਾਰੀ ਅਗਲੀ ਖ਼ਬਰ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਆਈ ਪ੍ਰਤੀਕ੍ਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।