ਫ਼ਾਜ਼ਿਲਕਾ, 17 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਸਵੇਰੇ ਫ਼ਾਜ਼ਿਲਕਾ ਦੇ ਵਾਰਡ ਨੰਬਰ 23 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਅਤੇ ਵਾਰਡ ਨੰਬਰ 22 ਤੋਂ ਸ੍ਰੀਮਤੀ ਰੁਪਿੰਦਰ ਕੌਰ ਸਿਡਾਣਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਵਾਰਡਾਂ ਦੀਆਂ ਗਲੀਆਂ ਅੰਦਰ ਵੋਟਰਾਂ ਨਾਲ ਸੰਪਰਕ ਸਾਧਦਿਆਂ ਵਿਧਾਇਕ ਸਵਨਾ ਨੇ ਕਿਹਾ ਕਿ ਹੁਣ ਤੱਕ ਫ਼ਾਜ਼ਿਲਕਾ ਦੇ ਜਿਤਨੇ ਵੀ ਵਿਧਾਇਕ ਬਣੇ ਉਨ੍ਹਾਂ ਕੋਲ ਕੰਮਕਾਜ ਲਈ 20, 25 ਕਿੱਲੋਮੀਟਰ ਖੱਜਲ ਖ਼ੁਆਰ ਹੋ ਜਾਣਾ ਪੈਂਦਾ ਸੀ | ਜਦ ਕਿ ਹੁਣ ਤੁਹਾਡੇ ਫ਼ਾਜ਼ਿਲਕਾ ਸ਼ਹਿਰ ਦਾ ਬੇਟਾ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਿਛਲੇ ਸਾਢੇ 4 ਸਾਲ ਤੋਂ ਘਰ-ਘਰ ਪਹੁੰਚ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਅੰਦਰ ਕਾਂਗਰਸ ਦਾ ਬੋਰਡ ਨਗਰ ਕੌਂਸਲ 'ਤੇ ਬਣਿਆ ਹੋਇਆ ਸੀ ਪਰ ਕੌਂਸਲਰਾਂ ਦੀ ਆਪਸੀ ਲੜਾਈ ਕਾਰਨ ਸ਼ਹਿਰ ਦਾ ਵਿਕਾਸ ਨਹੀਂ ਹੋ ਸਕਿਆ | ਜਦ ਕਿ ਹੁਣ ਸਮਾਂ ਹੈ ਕਿ ਫ਼ਾਜ਼ਿਲਕਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਾਈਏ | ਉਨ੍ਹਾਂ ਕਿਹਾ ਕਿ ਹੁਣ ਵੀ ਉਹ 7 ਕਰੋੜ ਰੁਪਈਆ ਪੰਜਾਬ ਸਰਕਾਰ ਕੋਲੋਂ ਗਰਾਂਟ ਲੈ ਕੇ ਆਏ | ਜਿਸ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ ਦੀਆਂ ਸੜਕਾਂ ਦੇ ਬਣਨ ਦਾ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਇਹ ਦੱਸਣ ਕਿ ਕਿਸੇ ਵੀ ਵੋਟਰ ਨਾਲ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਧੱਕਾ ਕੀਤਾ ਹੈ | ਉਨ੍ਹਾਂ ਕਿਹਾ ਕਿ ਹਰੇਕ ਨੂੰ ਸੁੱਖ-ਸ਼ਾਂਤੀ ਨਾਲ ਰਹਿਣ ਦਾ ਅਧਿਕਾਰ ਹੈ ਅਤੇ ਸਰਕਾਰ ਆਪਣੇ ਵਾਅਦਿਆਂ 'ਤੇ ਵਚਨਬੱਧ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਹਰਮਿੰਦਰ ਸਿੰਘ ਸਿਡਾਨਾ, ਪ੍ਰੀਤਮ ਸਿੰਘ ਸਿਡਾਣਾ, ਰਾਜ ਕੁਮਾਰ ਆਦਿ ਵਾਰਡ ਵਾਸੀ ਹਾਜ਼ਰ ਸਨ |