ਮਲੋਟ, 17 ਮਈ (ਪਾਟਿਲ)-ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੂੰ ਕਰੀਬ ਦੋ ਹਫ਼ਤਿਆਂ ਦਾ ਸਮਾਂ ਬੀਤ ਚੁੱਕਾ ਹੈ, ਜਿਸ ਕਾਰਨ ਮਲੋਟ ਸ਼ਹਿਰ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਵਿਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ | ਸ਼ਹਿਰਾਂ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਫ਼ਾਈ ਕਰਮਚਾਰੀਆਂ ਦੀ ਇਸ ਹੜਤਾਲ ਦੇ ਸਮਰਥਨ ਲਈ ਅੱਜ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਸਫ਼ਾਈ ਕਰਮਚਾਰੀਆਂ ਦੇ ਧਰਨੇ ਵਿਚ ਪਹੁੰਚੇ | ਇਸ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਸਫ਼ਾਈ ਕਰਮਚਾਰੀਆਂ ਦੇ ਚਰਨ ਛੂਹ ਕੇ ਉਨ੍ਹਾਂ ਦੇ ਸੰਘਰਸ਼ ਨੂੰ ਸਲਾਮ ਕੀਤਾ | ਡਾ. ਗਿੱਲ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸਮਾਜ ਦੀ ਰੀੜ ਦੀ ਹੱਡੀ ਹਨ ਅਤੇ ਇਨ੍ਹਾਂ ਤੋਂ ਬਿਨਾਂ ਕੋਈ ਵੀ ਰਾਜ, ਦੇਸ਼ ਜਾਂ ਸ਼ਹਿਰ ਤਰੱਕੀ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮਾਜ ਸੇਵੀ ਵੀ ਸਫ਼ਾਈ ਕਰਮਚਾਰੀਆਂ ਦੇ ਨਾਲ ਧਰਨੇ ਵਿਚ ਬੈਠਣ ਲਈ ਮਜ਼ਬੂਰ ਹੋਣਗੇ | ਉਨ੍ਹਾਂ ਕਿਹਾ ਕਿ ਸਫਾਈ ਸੇਵਕ ਦਿਨ-ਰਾਤ ਮਿਹਨਤ ਕਰਕੇ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਦੇ ਹਨ, ਪਰ ਅੱਜ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ 'ਤੇ ਬੈਠਣਾ ਪੈ ਰਿਹਾ ਹੈ, ਜੋ ਕਿ ਦੁੱਖਦਾਈ ਗੱਲ ਹੈ | ਇਸ ਮੌਕੇ ਸਰੂਪ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਵਾਲੀਆ ਪ੍ਰਧਾਨ, ਦੇਸ ਰਾਜ ਸਿੰਘ, ਪਵਨ ਨੰਬਰਦਾਰ ਤੋਂ ਇਲਾਵਾ ਸਫ਼ਾਈ ਸੇਵਕ ਯੂਨੀਅਨ ਮਲੋਟ ਦੇ ਸਰਪ੍ਰਸਤ ਰਾਜ ਕੁਮਾਰ ਢਿੱਕਾ, ਪ੍ਰਦੀਪ ਕੁਮਾਰ ਕਾਂਗੜਾ, ਪ੍ਰਧਾਨ ਬਲਵੰਤ ਬੇਦੀ ਅਤੇ ਜਨਰਲ ਸਕੱਤਰ ਸੂਰਜ ਕੁਮਾਰ ਵੀ ਹਾਜ਼ਰ ਸਨ |