ਮਲੋਟ, 19 ਮਈ (ਪਾਟਿਲ)-20 ਮਈ ਨੂੰ ਮਾਲਵਾ ਖੇਤਰ ਦੇ ਸਾਰੇ ਥੋਕ ਤੇ ਪ੍ਰਚੂਨ ਮੈਡੀਕਲ ਸਟੋਰ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ ਅਤੇ ਕਥਿਤ ਹੜਤਾਲ ਦਾ ਇੱਥੇ ਜ਼ਿਆਦਾ ਅਸਰ ਨਹੀਂ ਦੇਖਣ ਨੂੰ ਮਿਲੇਗਾ | ਇਹ ਪ੍ਰਗਟਾਵਾ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਮਾਲਵਾ ਜੋਨ ਦੇ ਇੰਚਾਰਜ ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਜੁਨੇਜਾ ਨੇ ਫ਼ਾਜ਼ਿਲਕਾ ਦੇ ਜਲਾਲਾਬਾਦ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਸਮੇਤ ਵੱਖ-ਵੱਖ ਇਲਾਕਿਆਂ ਦਾ ਤੂਫ਼ਾਨੀ ਦੌਰਾ ਕਰਨ ਤੋਂ ਬਾਅਦ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੁਨੇਜਾ ਨੇ ਕਿਹਾ ਕਿ ਬੇਸ਼ੱਕ ਅਸੀਂ ਆਨਲਾਈਨ ਦਵਾਈਆਂ ਦੀ ਵਿਕਰੀ ਦਾ ਸਖ਼ਤ ਵਿਰੋਧ ਕਰਦੇ ਹਾਂ, ਪਰ ਇਸ ਸਮੇਂ ਛੋਟੇ ਤੇ ਦਰਮਿਆਨੇ ਕੈਮਿਸਟਾਂ ਲਈ ਇਸ ਤੋਂ ਵੀ ਵੱਡੇ ਤੇ ਗੰਭੀਰ ਮੁੱਦੇ ਹਨ, ਜਿਨ੍ਹਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਅਤਿ ਜ਼ਰੂਰੀ ਹੈ | ਉਨ੍ਹਾਂ ਮੁੱਖ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਦੀ ਬੇਲੋੜੀ ਦਖ਼ਲਅੰਦਾਜ਼ੀ ਨਾਲ ਮੈਡੀਕਲ ਸਟੋਰ ਸੰਚਾਲਕਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਗੈਰ-ਜ਼ਰੂਰੀ ਫ਼ੈਸਲੇ ਨਾਲ ਕੰਮਕਾਜ ਵਿਚ ਦਿੱਕਤਾਂ ਆ ਰਹੀਆਂ ਹਨ, ਕੈਮਿਸਟਾਂ ਨੂੰ ਲਾਇਸੈਂਸ ਰੀਨਿਊ ਕਰਵਾਉਣ ਵਿਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਲਾਂ ਤੋਂ ਇਮਾਨਦਾਰੀ ਨਾਲ ਮੈਡੀਕਲ ਸਟੋਰ ਚਲਾ ਰਹੇ ਫਾਰਮਾਸਿਸਟਾਂ ਦੀਆਂ ਰਜਿਸਟ੍ਰੇਸ਼ਨਾਂ ਨੂੰ ਰੀਨਿਊ ਕਰਨ ਤੋਂ ਰੋਕਣਾ ਸਰਾਸਰ ਨਾਦਰਸ਼ਾਹੀ ਫ਼ੈਸਲਾ ਹੈ | ਆਲ ਇੰਡੀਆ ਓਰਗੇਨਾਈਜੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਵਿਚ ਬੈਠੇ ਅਰਬਪਤੀ ਆਗੂ ਜ਼ਮੀਨੀ ਹਕੀਕਤ ਤੋਂ ਦੂਰ ਹੋ ਕੇ ਫ਼ੈਸਲੇ ਲੈਂਦੇ ਹਨ | ਉਨ੍ਹਾਂ ਦੇ ਇਨ੍ਹਾਂ ਫ਼ੈਸਲਿਆਂ ਵਿਚ ਛੋਟੇ ਸ਼ਹਿਰਾਂ ਤੇ ਪਿੰਡਾਂ ਦੇ ਹਜ਼ਾਰਾਂ ਮੈਡੀਕਲ ਸਟੋਰ ਸੰਚਾਲਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਇਸ ਦੌਰੇ ਦੌਰਾਨ ਕੈਮਿਸਟ ਭਾਈਚਾਰੇ ਦੀ ਅਗਵਾਈ ਕਰਦਿਆਂ ਚੇਅਰਮੇਨ ਪਰਵਿੰਦਰ ਸਿੰਘ ਮੋਂਗਾ, ਗੁਰਬਿੰਦਰ ਸਿੰਘ ਲਵਲੀ, ਅਨੀਸ਼ ਵਧਵਾ, ਜਤਿੰਦਰ ਬਠਲਾ, ਸੁਨੀਲ ਮਿੱਢਾ ਲੰਬੀ, ਸਚਿਨ ਕਿੱਲਿਆਂਵਾਲੀ, ਗੁਰਭੇਜ ਸਿੰਘ ਆਲਮਵਾਲਾ, ਮਨੋਜ ਸੇਤੀਆ, ਰਜਤ, ਗੌਤਮ ਕਮਰਾ ਅਤੇ ਰਵਿੰਦਰ ਸਿੰਘ ਬਿੱਟੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਾਰਿਆਂ ਨੇ ਇਕਸੁਰ ਵਿਚ ਕੈਮਿਸਟਾਂ ਦੇ ਹੱਕਾਂ ਲਈ ਡਟਣ ਦਾ ਅਹਿਦ ਲਿਆ |