25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿੰਡ ਕੋਟਲੀ ਸੰਘਰ 'ਚ 4 ਮਹੀਨਿਆਂ ਤੋਂ ਪੱਥਰ ਪਾ ਕੇ ਛੱਡੀ ਸੜਕ ਬਣੀ ਲੋਕਾਂ ਲਈ ਮੁਸੀਬਤ

ਅਜੀਤ ਡੈਸਕ 05-06-2026

ਸ੍ਰੀ ਮੁਕਤਸਰ ਸਾਹਿਬ, 4 ਜੂਨ (ਹਰਮਹਿੰਦਰ ਪਾਲ)-ਪਿੰਡ ਕੋਟਲੀ ਸੰਘਰ ਵਿਖੇ ਸੰਬੰਧਿਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ | ਇੱਥੇ ਨਹਿਰ ਦੇ ਪੁਲ ਤੋਂ ਲੈ ਕੇ ਪਿੰਡ ਹਰਾਜ ਤੱਕ ਲਿੰਕ ਸੜਕ ਦੇ ਨਵ-ਨਿਰਮਾਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਸਿਰਫ਼ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ, ਜੋ ਹੁਣ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ | ਸੜਕ 'ਤੇ ਵਿਛਾਇਆ ਪੱਥਰ ਹੁਣ ਉਖੜ ਕੇ ਬਾਹਰ ਆ ਰਿਹਾ ਹੈ | ਵਿਅਸਤ ਰਸਤਾ ਹੋਣ ਕਾਰਨ ਇੱਥੋਂ ਰੋਜ਼ਾਨਾ ਸੈਂਕੜੇ ਟਰੱਕ, ਟਰੈਕਟਰ ਤੇ ਹੋਰ ਵਾਹਨ ਲੰਘਦੇ ਹਨ | ਕਈ ਵਾਰ ਇਹ ਪੱਥਰ ਭਾਰੀ ਵਾਹਨਾਂ ਦੇ ਟਾਇਰਾਂ ਹੇਠ ਆ ਕੇ ਐਨੀ ਤੇਜ਼ੀ ਨਾਲ ਉਛਲਦੇ ਹਨ ਕਿ ਆਸਪਾਸ ਖੜ੍ਹੇ ਕਿਸੇ ਵੀ ਵਿਅਕਤੀ ਦਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ | ਸੜਕ ਦੇ ਅਧੂਰੇ ਕਾਰਜ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਮੋਟਰਸਾਈਕਲ, ਸਕੂਟਰ, ਥਰੀ-ਵਹੀਲਰ ਅਤੇ ਸਾਈਕਲ ਚਾਲਕਾਂ ਨੂੰ ਹੋ ਰਹੀ ਹੈ | ਪੱਥਰਾਂ ਦੀ ਮਾਰ ਕਾਰਨ ਵਾਹਨਾਂ ਦੇ ਟਾਇਰ ਪਾਟ ਰਹੇ ਹਨ ਅਤੇ ਰੋਜ਼ਾਨਾ ਦਰਜਨਾਂ ਮੋਟਰਸਾਈਕਲ ਪੈਂਚਰ ਹੋ ਰਹੇ ਹਨ | ਇਸ ਉਬੜ-ਖੁੱਬੜ ਰਸਤੇ ਕਾਰਨ ਵਾਹਨਾਂ ਦੇ ਨਟ-ਬੋਲਟ ਅਤੇ ਹੋਰ ਸਾਮਾਨ ਟੁੱਟ ਕੇ ਡਿੱਗਣ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਵੀ ਹੋ ਰਿਹਾ ਹੈ | ਸਭ ਤੋਂ ਗੰਭੀਰ ਸਥਿਤੀ ਰਾਤ ਦੇ ਸਮੇਂ ਬਣਦੀ ਹੈ, ਜਦੋਂ ਹਨੇਰੇ ਵਿਚ ਪੱਥਰਾਂ ਕਾਰਨ ਸੰਤੁਲਨ ਵਿਗੜਨ ਨਾਲ ਕਈ ਮੋਟਰਸਾਈਕਲ ਚਾਲਕ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮੇਨ ਚੌਂਕ (ਚੁਰਸਤੇ) ਵਿਚ ਸਹੀ ਤਰੀਕੇ ਨਾਲ ਪੱਥਰ ਨਾ ਪਾਉਣ ਕਾਰਨ ਸੜਕ ਇਕ ਪਾਸਿਓਾ ਕਾਫ਼ੀ ਨੀਂਵੀ ਰਹਿ ਗਈ ਹੈ | ਇਸ ਕਾਰਨ ਆਉਣ ਵਾਲੇ ਬਾਰਿਸ਼ ਦੇ ਦਿਨਾਂ 'ਚ ਉੱਥੇ ਭਾਰੀ ਜਲ-ਥਲ ਹੋਣ ਅਤੇ ਪਾਣੀ ਖੜ੍ਹੇ ਰਹਿਣ ਦਾ ਖ਼ਦਸ਼ਾ ਬਣ ਗਿਆ ਹੈ, ਜਿਸ ਨਾਲ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ | ਪਿੰਡ ਦੇ ਮੁਹਤਬਰਾਂ ਚੰਦ ਸਿੰਘ ਸਾਬਕਾ ਮੈਂਬਰ ਪੰਚਾਇਤ, ਗੁਰਮੀਤ ਸਿੰਘ ਪੀ.ਐੱਲ.ਵੀ., ਦੀਪਾ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ, ਗੱਗਾ ਸਿੰਘ, ਜੱਜ ਸਿੰਘ, ਗੁਰਪ੍ਰੀਤ ਸਿੰਘ, ਦਾਰਾ ਸਿੰਘ ਤੇ ਹਰਮਨ ਸਿੰਘ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਨੀਂਵੀ ਸੜਕ ਵਾਲੇ ਪਾਸੇ ਵੀ ਪੱਥਰ ਪਾ ਕੇ ਚੌਂਕ ਨੂੰ ਚਾਰੇ ਪਾਸਿਆਂ ਤੋਂ ਉਚਾ ਕੀਤਾ ਜਾਵੇ ਅਤੇ ਸੜਕ ਦਾ ਨਿਰਮਾਣ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਨਰਕ ਭਰੀ ਸਥਿਤੀ ਤੋਂ ਨਿਜ਼ਾਤ ਮਿਲ ਸਕੇ | ਜਦੋਂ ਇਸ ਸੰਬੰਧੀ ਸੰਬੰਧਿਤ ਵਿਭਾਗ ਦੇ ਐਕਸੀਅਨ ਵੀਨਸ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਧਿਆਨ 'ਚ ਆ ਗਿਆ ਹੈ | ਉਹ ਜਲਦੀ ਹੀ ਮੌਕੇ 'ਤੇ ਚੈੱਕ ਕਰਵਾ ਕੇ ਸੜਕ ਦਾ ਰਹਿੰਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦੇਣਗੇ, ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |

ਪਿਛਲੀ ਖ਼ਬਰ 7 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਤੇਜ਼ ਹਨੇਰੀ ਮਗਰੋਂ ਆਈ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।