ਸੰਗਰੂਰ, 4 ਜੂਨ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਇਰਾਦਾ ਕਤਲ ਦੇ ਇੱਕ ਮਾਮਲੇ ਵਿੱਚ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਮੂਨਕ ਵਿਖੇ 22 ਨਵੰਬਰ 2025 ਨੂੰ ਦਰਜ ਮਾਮਲੇ ਮੁਤਾਬਿਕ ਰਮਨਦੀਪ ਸਿੰਘ ਵਾਸੀ ਮੂਨਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਾਤਰਾ ਵਿਖੇ ਇਲੈਕਟਿ੍ਸ਼ਨ ਦਾ ਕੋਰਸ ਕਰ ਰਿਹਾ ਹੈ, 21 ਨਵੰਬਰ 2025 ਨੂੰ ਉਸ ਦੇ ਚਾਚੇ ਰਾਜੂ ਸਿੰਘ ਨੂੰ ਉਸ ਨੇ ਕਿਹਾ ਕਿ ਤੂੰ ਸਾਡੇ ਘਰ ਮੂਹਰੇ ਮੋਟਰਸਾਈਕਲ ਕਿਉਂ ਲਗਾਉਂਦਾ ਹੈ | ਇਸ ਤੋਂ ਬਾਅਦ ਰਾਜੂ ਸਿੰਘ ਨੇ ਫ਼ੋਨ ਕਰ ਕੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਉਸ ਦੇ ਘਰ ਅੱਗੇ ਆ ਕੇ ਲਲਕਾਰਾ ਮਾਰਿਆ ਅਤੇ ਗੇਟ ਤੋੜ ਕੇ ਅੰਦਰ ਵੜ ਗਏ | ਉਨ੍ਹਾਂ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ | ਉਹ ਹੇਠਾਂ ਡਿਗ ਪਿਆ, ਰੌਲਾ ਪਾਉਣ 'ਤੇ ਲੋਕਾਂ ਦਾ ਇਕੱਠ ਹੋ ਗਿਆ | ਰਾਜੂ ਸਿੰਘ ਸਮੇਤ ਬਾਕੀ ਸਾਰੇ ਜਣੇ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਪੁਲਿਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਤੋਂ ਬਾਅਦ ਪੁਲਿਸ ਨੇ ਰਾਜੂ ਸਿੰਘ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ | ਹੁਣ ਅਦਾਲਤ 'ਚ ਸੁਣਵਾਈ ਮੁਕੰਮਲ ਹੋਣ 'ਤੇ ਰਾਜੂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |