ਸੰਗਰੂਰਦਿੜ੍ਹਬਾ ਪ੍ਰਸ਼ਾਸਨ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਕਰਮਚਾਰੀਆਂ ਦਾ ਵੱਡਾ ਐਲਾਨ
ਅਜੀਤ ਡੈਸਕ
05-06-2026
ਲਹਿਰਾਗਾਗਾ, 4 ਜੂਨ (ਅਸ਼ੋਕ ਗਰਗ)- ਸਰਵ ਸਿੱਖਿਆ ਅਭਿਆਨ (1007) ਅਤੇ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਸੰਗਰੂਰ ਅਤੇ ਦਿੜ੍ਹਬਾ ਪ੍ਰਸ਼ਾਸਨ 'ਤੇ ਵਾਅਦਾ ਖ਼ਿਲਾਫ਼ੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ 7 ਜੂਨ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ਗੁਪਤ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ | ਜਥੇਬੰਦੀ ਦੇ ਆਗੂ ਉਂਕਾਰ ਸਿੰਘ ਨੇ ਦੱਸਿਆ ਕਿ 31000 ਰੁਪਏ ਤਨਖ਼ਾਹ ਕਟੌਤੀ 'ਤੇ ਰੋਕ ਲਗਵਾਉਣ ਲਈ 23 ਮਈ ਨੂੰ ਦਿੜ੍ਹਬਾ ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ | ਉਸ ਸਮੇਂ ਸੰਗਰੂਰ ਅਤੇ ਦਿੜ੍ਹਬਾ ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਰਮਚਾਰੀਆਂ ਦੇ ਮਸਲੇ ਮੀਟਿੰਗਾਂ ਰਾਹੀਂ ਹੱਲ ਕਰਵਾਏ ਜਾਣਗੇ | ਵਿੱਤ ਮੰਤਰੀ ਹਰਪਾਲ ਚੀਮਾ ਬਹੁਤ ਵਾਰ ਮੀਟਿੰਗਾਂ ਦੌਰਾਨ 31000 ਤਨਖ਼ਾਹ ਕਟੌਤੀ ਰੱਦ ਕਰਨ 'ਤੇ ਸਹਿਮਤੀ ਦੇ ਚੁੱਕੇ ਹਨ ਪਰ ਹਰ ਵਾਰ ਵਿੱਤ ਮੰਤਰੀ ਦੇ ਆਦੇਸ਼ਾਂ ਦੀ ਅਫ਼ਸਰਾਂ ਵਲੋਂ ਪਾਲਣਾ ਨਹੀਂ ਕੀਤੀ ਜਾ ਰਹੀ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੀ ਕਰਮਚਾਰੀਆਂ ਨੂੰ 2018 ਤੋਂ ਰੈਗੂਲਰ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ ਸਨ ਪਰ ਅਫ਼ਸਰਸ਼ਾਹੀ ਹਾਈਕੋਰਟ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾ ਰਹੀ ਹੈ | ਜਥੇਬੰਦੀ ਮੁਤਾਬਿਕ ਦਿੜ੍ਹਬਾ ਪੁਲਿਸ ਪ੍ਰਸ਼ਾਸਨ ਅਤੇ ਐਸ.ਡੀ.ਐਮ ਦਿੜ੍ਹਬਾ ਵਲੋਂ 26 ਮਈ ਨੂੰ ਸਕੱਤਰ ਸਕੂਲ ਸਿੱਖਿਆ ਅਤੇ ਵਿਸ਼ੇਸ਼ ਸਕੱਤਰ ਵਿੱਤ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ, ਪਰ ਇਹ ਮੀਟਿੰਗ ਨਹੀਂ ਹੋ ਸਕੀ | ਇਸ ਦੇ ਨਾਲ ਹੀ ਚੋਣ ਜ਼ਾਬਤੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਗਿਆ ਭਰੋਸਾ ਵੀ ਅਜੇ ਤੱਕ ਪੂਰਾ ਨਹੀਂ ਹੋਇਆ | ਕਰਮਚਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਇਸ ਵਾਅਦਾ ਖ਼ਿਲਾਫ਼ੀ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ | ਇਸੇ ਕਾਰਨ 7 ਜੂਨ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਨੇੜੇ ਗੁਪਤ ਐਕਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ |