ਜੈਤੋ, 17 ਜੂਨ (ਗੁਰਚਰਨ ਸਿੰਘ ਗਾਬੜੀਆ)-ਸਬ-ਡਵੀਜਨ ਜੈਤੋ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਨਿਘਰ ਚੁੱਕੀ ਤੇ ਕਈ ਥਾਂਵਾਂ ‘ਤੇ ਸੜਕ ਤਾਂ ਗਾਇਬ ਹੋ ਗਈ ਵਾਂਗ ਹੈ। ਉਥੇ ਹੀ ਜੈਤੋ-ਬਠਿੰਡਾ ਰੋਡ ਤੇ ਕੋਟਕਪੂਰਾ ਰੋਡ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ ਹੈ। ਲੋਕਾਂ ਦੇ ਮੁਤਾਬਿਕ ਜੈਤੋ-ਬਠਿੰਡਾ ਰੋਡ ‘ਤੇ ਸਥਿਤ ਧਾਗਾ ਫ਼ੈਕਟਰੀ ਦੇ ਸਾਹਮਣੇ ਤੋਂ ਲੈ ਕੇ ਮਾਰਬਲ ਦੁਕਾਨਾਂ ਤੱਕ ਦੀ ਸੜਕ ‘ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ ਤੇ ਐਕਸੀਡੈਂਟ ਨੂੰ ਸੱਦਾ ਦੇ ਰਹੇ ਹਨ। ਉਥੇ ਹੀ ਮਾਰਬਲ ਦੁਕਾਨਾਂ ਤੋਂ (ਚੰਦਭਾਨ ਤੱਕ ਬਣੀ) ਅੱਗੇ ਨਵੀਂ ਬਣੀ ਸੜਕ ‘ਤੇ ਕਈ ਵਾਰ ਠੇਕੇਦਾਰ ਵਲੋਂ ਮਲਮ ਪੱਟੀ ਕਰਨ ਉਪਰੰਤ ਵੀ ਸੜਕ ਵਿਚ ਨੁਹਾਰ ਨਹੀਂ ਆਇਆ ਤੇ ਸੜਕ ਦੇ ਟੋਏ ਰਾਹਗੀਰਾਂ ਲਈ �ਕੜਾਂ ਪੈਦਾ ਕਰਦੇ ਹੀ ਰਹਿੰਦੇ ਹਨ। ਇਥੇ ਹੀ ਬੱਸ ਨਹੀਂ ਪਿੰਡ ਚੰਦਭਾਨ ਦੀ ਡਰੇਨ ਤੋਂ ਲੈ ਕੇ ਗੋਨਿਆਣਾ ਮੰਡੀ ਤੱਕ ਦੀ ਸੜਕ ਦੀ ਹਾਲਤ ਅਤੀ ਤਰਸਯੋਗ ਬਣੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਜੈਤੋ-ਗੋਨਿਆਣਾ ਤੱਕ ਟਰੈਫਿਕ ਜ਼ਿਆਦਾ ਹੋਣ ਕਰਕੇ ਇਸ ਸੜਕ ਨੂੰ ਚੌੜਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਸ ਸੜਕ ‘ਤੇ ਅਕਸਰ ਹੀ ਐਕਸੀਡੈਂਟ ਹੁੰਦੇ ਰਹਿੰਦੇ ਹਨ। ਜਦ ਕਿ ਜੈਤੋ ਕੋਟਕਪੂਰਾ ਰੋਡ ‘ਤੇ ਵੀ ਟੋਏ ਪਏ ਹੋਣ ਕਰਕੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਲਿੰਕ ਸੜਕਾਂ ਦੀ ਗੱਲ ਕਰੀਏ ਤਾਂ ਜੈਤੋ-ਬਿਸ਼ਨੰਦੀ, ਬਰਕੰਦੀ ਰੋਡ, ਜੈਤੋ-ਦਬੜ੍ਹੀਖਾਨਾ ਪੁਰਾਣਾ ਰੋਡ, ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਤੋਂ ਰਾਮਗੜ੍ਹ (ਭਗਤੂਆਣਾ) ਰੋਡ ਅਤੇ ਪਿੰਡ ਚੈਨਾ ਤੋਂ (ਜੈਤੋ-ਸ੍ਰੀ ਮੁਕਤਸਰ ਰੋਡ) ਰਾਮੂੰਵਾਲਾ (ਡੇਲਿਆਂਵਾਲੀ) ਤੱਕ ਦੀਆਂ ਸੜਕਾਂ ਦੀ ਮੁਰੰਮਤ ਹੋਣ ਵਾਲੀ ਹੈ ਤੇ ਇਨ੍ਹਾਂ ਸੜਕਾਂ ਦੀਆਂ ਕਈ ਥਾਂਵਾਂ ਤੋਂ ਸੜਕ ਗਾਇਬ ਹੀ ਹੋ ਗਈ ਹੈ ਕਿਉਂਕਿ ਕਈ ਸਾਲਾਂ ਤੋਂ ਇਨ੍ਹਾਂ ਟੁੱਟ ਚੁੱਕੀਆਂ ਸੜਕਾਂ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ ਜਦ ਕਿ ਅੱਜ ਦੇ ਸਮੇਂ ਦੇ ਮੁਤਾਬਿਕ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਵੇਖਦਿਆ ਲਿੰਕ ਸੜਕਾਂ ਨੂੰ ਘੱਟੋ-ਘੱਟ 18 ਫੁੱਟ ਚੌੜਾ ਕੀਤਾ ਜਾਵੇ ਕਿਉਂਕਿ ਅੱਜ ਦੇ ਦੌਰ ਵਿਚ ਹਰ ਘਰ ਵਾਹਨ ਹਨ ਤੇ ਉਕਤ ਲਿੰਕ ਸੜਕਾਂ ਤੋਂ ਲੰਘਣ ਮੌਕੇ ਜਦ ਕਰਾਸ ਪੈਂਦੇ ਹਨ ਤਾਂ ਕਈ ਵਾਰ ਵਾਹਨ ਖੇਤਾਂ ਵਿਚ ਉਤਰ ਜਾਂਦੇ ਹਨ ਕਿਉਂਕਿ ਕਈ ਕਿਸਾਨਾਂ ਨੇ ਸੜਕ ਦੀ ਥਾਂ ਨੂੰ ਵੀ ਆਪਣੇ ਖੇਤਾਂ ਵਿਚ ਮਿਲਾ ਲਿਆ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੇਂਡੂ ਲਿੰਕ ਸੜਕਾਂ ਅਤੇ ਜੈਤੋ-ਗੋਨਿਆਣਾ ਰੋਡ ਨੂੰ ਤੁਰੰਤ ਚੌੜਾ ਕਰਕੇ ਬਣਾਇਆ ਜਾਵੇ ਤਾਂ ਜੋ ਕਿ ਹੁੰਦੇ ਸੜਕ ਹਾਦਸਿਆਂ ਕਾਰਨ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ।