ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਆਧੁਨਿਕ ਸਿੱਖਿਆ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵਿਚ ਅਗੇਤਰ ਰਿਹਾ ਹੈ। ਇਸੇ ਕੜੀ ਤਹਿਤ ਸਕੂਲ ਵਲੋਂ ‘ਨੋ ਸਕੂਲ ਬੈਗ, ਨੋ ਹੋਮਵਰਕ’ ਸੰਕਲਪ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਤਣਾਅ-ਮੁਕਤ, ਦਿਲਚਸਪ ਅਤੇ ਗਤੀਵਿਧੀ-ਆਧਾਰਿਤ ਸਿੱਖਿਆ ਪ੍ਰਦਾਨ ਕਰਨਾ ਹੈ। ਸਕੂਲ ਦੀ ਚੇਅਰਪਰਸਨ ਰਕਸ਼ੰਦਾ ਸ਼ਰਮਾ ਨੇ ਦੱਸਿਆ ਕਿ ਇਸ ਨਵੀਂ ਪਹਿਲ ਤਹਿਤ ਵਿਦਿਆਰਥੀਆਂ ਨੂੰ ਭਾਰੀ ਸਕੂਲ ਬੈਗ ਅਤੇ ਰੋਜ਼ਾਨਾ ਦੇ ਹੋਮਵਰਕ ਦੇ ਦਬਾਅ ਤੋਂ ਰਾਹਤ ਦਿੱਤੀ ਜਾ ਰਹੀ ਹੈ। ਸਕੂਲ ਵਿਚ ਬੱਚਿਆਂ ਨੂੰ ਐਕਟੀਵਿਟੀ-ਬੇਸਡ ਲਰਨਿੰਗ, ਪ੍ਰੈਕਟੀਕਲ ਗਿਆਨ, ਗਰੁੱਪ ਗਤੀਵਿਧੀਆਂ, ਖੇਡਾਂ ਅਤੇ ਰਚਨਾਤਮਕ ਪ੍ਰੋਗਰਾਮਾਂ ਰਾਹੀਂ ਸਿੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਹ ਖੁਸ਼ੀ ਅਤੇ ਦਿਲਚਸਪੀ ਨਾਲ ਸਿੱਖਿਆ ਪ੍ਰਾਪਤ ਕਰ ਰਹੇ ਹਨ। ‘ਨੋ ਸਕੂਲ ਬੈਗ, ਨੋ ਹੋਮਵਰਕ’ ਸੰਕਲਪ ਰਾਹੀਂ ਬੱਚਿਆਂ ਨੂੰ ਤਣਾਅ-ਰਹਿਤ ਮਾਹੌਲ ਵਿਚ ਸਿੱਖਣ ਅਤੇ ਆਪਣੇ ਬਚਪਨ ਦਾ ਪੂਰਾ ਆਨੰਦ ਮਾਣਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਆਪਣੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਇਕ ਖੁਸ਼ਗਵਾਰ, ਸੁਰੱਖਿਅਤ ਅਤੇ ਪ੍ਰੇਰਣਾਦਾਇਕ ਮਾਹੌਲ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਸ ਨਵੀਂ ਪਹਿਲ ਨੂੰ ਮਾਪਿਆਂ ਅਤੇ ਵਿਦਿਆਰਥੀਆਂ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।