ਜਨਗਣਨਾ 2027 ਲਈ ਭਾਰਤ ਸਰਕਾਰ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ : ਪੰਕਜ ਕੁਮਾਰ
ਜੈਤੋ, 14 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਸਰਕਾਰ ਵਲੋਂ ਜਨਗਣਨਾ 2027 ਨੂੰ ਸੁਚੱਜੇ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਨਗਣਨਾ ਦੇ ਕੰਮ ਨੂੰ ਸਫ਼ਲ ਬਣਾਉਣ ਲਈ ਸਿਖਲਾਈ, ਤਕਨੀਕੀ ਸਹੂਲਤਾਂ ਅਤੇ ਪ੍ਰਸ਼ਾਸਨਿਕ ਤਿਆਰੀ ਦੀ ਅਹਿਮ ਭੂਮਿਕਾ ਹੈ ।
ਜੈਤੋ, 14 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਸਰਕਾਰ ਵਲੋਂ ਜਨਗਣਨਾ 2027 ਨੂੰ ਸੁਚੱਜੇ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਨਗਣਨਾ ਦੇ ਕੰਮ ਨੂੰ ਸਫ਼ਲ ਬਣਾਉਣ ਲਈ ਸਿਖਲਾਈ, ਤਕਨੀਕੀ ਸਹੂਲਤਾਂ ਅਤੇ ਪ੍ਰਸ਼ਾਸਨਿਕ ਤਿਆਰੀ ਦੀ ਅਹਿਮ ਭੂਮਿਕਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕੋਆਰਡੀਨੇਟਰ ਪੰਕਜ ਕੁਮਾਰ ਨੇ ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਜੈਤੋ ਵਿਖੇ ਜਨਗਣਨਾ 2027 ਸਬੰਧੀ ਚੱਲ ਰਹੀ ਸਿਖਲਾਈ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇਸ਼ ਦੇ ਵਿਕਾਸ ਦੀ ਯੋਜਨਾਬੰਦੀ ਲਈ ਇਕ ਅਹਿਮ ਪ੍ਰਕਿਰਿਆ ਹੈ। ਇਸ ਰਾਹੀਂ ਪ੍ਰਾਪਤ ਹੋਣ ਵਾਲੇ ਅੰਕੜੇ ਦੇਸ਼ ਦੀ ਆਬਾਦੀ, ਪਰਿਵਾਰਾਂ ਦੀ ਸਥਿਤੀ ਅਤੇ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਨੂੰ ਸਮਝਣ ਵਿਚ ਮਦਦ ਕਰਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਸਿੱਖਿਆ, ਸਿਹਤ, ਰੁਜ਼ਗਾਰ, ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਸਬੰਧੀ ਯੋਜਨਾਵਾਂ ਬਣਾਉਣ ਵਿਚ ਸਹਾਇਤਾ ਮਿਲਦੀ ਹੈ। ਪੰਕਜ ਕੁਮਾਰ ਨੇ ਕਿਹਾ ਕਿ ਜਨਗਣਨਾ ਦੇ ਕੰਮ ਦੀ ਸਫ਼ਲਤਾ ਲਈ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਸਿਖਲਾਈ ਦੌਰਾਨ ਦਿੱਤੀਆਂ ਜਾਂਦੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਸਮਝਣਾ, ਤਕਨੀਕੀ ਪ੍ਰਕਿਰਿਆਵਾਂ ਦੀ ਸਹੀ ਵਰਤੋਂ ਕਰਨੀ ਅਤੇ ਅੰਕੜਿਆਂ ਦੀ ਸ਼ੁੱਧਤਾ ਯਕੀਨੀ ਬਣਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਨਗਣਨਾ ਦੀ ਪ੍ਰਕਿਰਿਆ ਵਿਚ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਕੰਮ ਨੂੰ ਵਧੇਰੇ ਸੁਚੱਜੇ ਢੰਗ ਨਾਲ ਕਰਨ ਵਿਚ ਮਦਦ ਮਿਲ ਸਕਦੀ ਹੈ। ਸੈਂਸਜ ਚਾਰਜ ਅਫ਼ਸਰ ਕਮ ਤਹਿਸੀਲਦਾਰ ਜੈ ਅਮਨਦੀਪ ਗੋਇਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਫ਼ੀਲਡ ਟ੍ਰੇਨਰ ਅਮੋਲਕ ਸਿੰਘ ਸਿੱਧੂ, ਭੁਪਿੰਦਰ ਦੁੱਗਲ, ਚਰਨਜੀਤ ਸ਼ਰਮਾ ਅਤੇ ਸੁਰਿੰਦਰ ਕੁਮਾਰ, ਟੈਕਨੀਕਲ ਸਹਾਇਕ ਨਵਦੀਪ ਸਿੰਘ, ਸੈਂਸਸ ਕਲਰਕ ਰਣਜੀਤ ਸਿੰਘ ਖੱਚੜਾਂ, ਪੰਕਜ ਕੁਮਾਰ ਜੈਤੋ, ਗੌਰੀ ਸ਼ੰਕਰ ਅਤੇ ਅਮਨਦੀਪ ਕੁਮਾਰ ਸਮੇਤ ਹੋਰ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।