19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੁਲਿਸ ਸੀਨੀਅਰ ਵਕੀਲ ਨੂੰ ਦੋਸ਼ ਪੱਤਰ ਦੀ ਕਾਪੀ ਮੁਹੱਈਆ ਕਰਵਾਏ-ਹਾਈ ਕੋਰਟ

ਅਜੀਤ ਡੈਸਕ 14-02-2026

ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦੀ ਹੱਤਿਆ ਮਾਮਲਾ
ਚੰਡੀਗੜ੍ਹ, 13 ਫਰਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (ਏ.ਏ.ਜੀ.) ਦੀ ਪਤਨੀ ਦੀ ਹੱਤਿਆ ਅਤੇ ਡਕੈਤੀ ਨਾਲ ਸੰਬੰਧਿਤ ਮਾਮਲੇ ਵਿਚ ਮਹੱਤਵਪੂਰਨ ਹੁਕਮ ਪਾਸ ਕਰਦੇ ਹੋਏ ਪੰਜਾਬ ਪੁਲਿਸ ਨੂੰ ਸੀਨੀਅਰ ਵਕੀਲ ਕਿ੍ਸਨ ਕੁਮਾਰ ਗੋਇਲ ਨੂੰ ਦੋਸ਼ ਪੱਤਰ ਦੀ ਇਕ ਕਾਪੀ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਜਾਂਚ 'ਚ ਕਿਸੇ ਵੀ ਤਰ੍ਹਾਂ ਦੀ ਉਲਝਣ ਜਾਂ ਕਮੀ ਵੱਲ ਅਦਾਲਤ ਦਾ ਧਿਆਨ ਖਿੱਚ ਸਕਣ | ਚੀਫ ਜਸਟਿਸ ਸੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਡਵੀਜ਼ਨ ਬੈਂਚ ਨੇ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਕਈ ਐਫ.ਆਈ.ਆਰਜ਼ ਦੀ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤਾ | ਪੰਜਾਬ ਪੁਲਿਸ ਦੀ ਨੁਮਾਇੰਦਗੀ ਕਰ ਰਹੇ ਡਿਪਟੀ ਐਡਵੋਕੇਟ ਜਨਰਲ ਸਲਿਲ ਸਬਲੋਕ ਨੇ ਅਦਾਲਤ ਨੂੰ ਦੱਸਿਆ ਕਿ ਹੱਤਿਆ 'ਚ ਭਾਰਤੀ ਦੰਡਾਵਲੀ ਦੀ ਧਾਰਾ 193 (3) ਤਹਿਤ ਤਿੰਨ ਮੁਲਜ਼ਮਾਂ ਖ਼ਿਲਾਫ਼ ਐਸ.ਏ.ਐਸ. ਨਗਰ (ਮੁਹਾਲੀ) ਦੀ ਅਦਾਲਤ 'ਚ 12 ਫਰਵਰੀ ਨੂੰ ਚਲਾਨ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਇਸ ਦਾ ਨੋਟਿਸ ਵੀ ਲਿਆ ਸੀ | ਸੂਬਾ ਪੱਖ ਨੇ ਇਹ ਵੀ ਕਿਹਾ ਕਿ ਕੁਝ ਫੋਰੈਂਸਿਕ ਰਿਪੋਰਟਾਂ ਖਾਸ ਕਰਕੇ ਵਿਸਰਾ ਰਿਪੋਰਟ ਲੰਬਿਤ ਹਨ ਅਤੇ ਜੇਕਰ ਲੋੜ ਪਈ ਤਾਂ ਇਕ ਪੂਰਕ ਦੋਸ਼ ਪੱਤਰ ਦਾਇਰ ਕੀਤਾ ਜਾਵੇਗਾ | ਪੁਲਿਸ ਅਨੁਸਾਰ ਤਿੰਨੋਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਨਿਆਂਇਕ ਹਿਰਾਂਸਤ ਵਿਚ ਹਨ | ਸੁਣਵਾਈ ਦੌਰਾਨ ਕਿ੍ਸ਼ਨ ਕੁਮਾਰ ਗੋਇਲ ਨੇ ਜਾਂਚ ਨੂੰ ਸ਼ੱਕੀ ਦੱਸਦਿਆਂ ਕਿਹਾ ਕਿ ਕਈ ਮਹੱਤਵਪੂਰਨ ਸੁਰਾਗਾਂ 'ਤੇ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਬਿਆਨਾਂ ਵਿਚ ਦੱਸੇ ਗਏ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ | ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਪਰਿਵਾਰ ਜਾਂਚ 'ਚ ਰੁਕਾਵਟ ਨਹੀਂ ਪਾਉਣਾ ਚਾਹੁੰਦਾ, ਸਗੋਂ ਦੋਸ਼ ਪੱਤਰ ਦੀ ਕਾਪੀ ਮਿਲਣ 'ਤੇ ਜਾਂਚ ਵਿਚ ਸੰਭਾਵਿਤ ਕਮੀਆਂ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਚਾਹੁੰਦਾ ਹੈ |

ਪਿਛਲੀ ਖ਼ਬਰ ਸਰਕਾਰ ਵਲੋਂ 25 ਲੱਖ ਟਨ ਕਣਕ ਦੇ ਨਿਰਯਾਤ ਦੀ ਇਜਾਜ਼ਤ ਅਗਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਨੂੰ ਲੈ ਕੇ ਜੁਡੀਸ਼ੀਅਲ ਕਮਿਸ਼ਨ ਸਾਹਮਣੇ ਹੋਈ ਸੁਣਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।