ਬਲੋਚਾਂ ਦੇ ਘਰਾਂ ਨੂੰ ਢਾਹੁਣਾ ਬੰਦ ਕਰੇ ਪਾਕਿ ਫ਼ੌਜ, ਮੀਰ ਯਾਰ ਬਲੋਚ ਨੇ ਦਿੱਤੀ ਚਿਤਾਵਨੀ <br/>
ਅਜੀਤ ਡੈਸਕ
14-02-2026
ਅੰਮਿ੍ਤਸਰ, 13 ਫਰਵਰੀ (ਸੁਰਿੰਦਰ ਕੋਛੜ)-ਬਲੋਚਿਸਤਾਨ ਗਣਰਾਜ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ, ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ ਅਤੇ ਖੇਤਰ ਦੇ ਸਾਰੇ ਦੇਸ਼ਾਂ ਨੂੰ ਰਸਮੀ ਤੌਰ 'ਤੇ ਸੂਚਿਤ ਕਰਨਾ ਚਾਹੁੰਦਾ ਹੈ ਕਿ ਸਾਡੇ 'ਗੁਆਂਢੀ ਅੱਤਵਾਦੀ ਰਾਜ ਪਾਕਿਸਤਾਨ' ਅਤੇ ਇਸ ਦੀਆਂ ਕੱਟੜਪੰਥੀ, ਫਾਸੀਵਾਦੀ ਅਤੇ ਵਿਦੇਸ਼ੀ ਤਾਕਤਾਂ ਨੇ ਬਲੋਚਿਸਤਾਨ ਦੇ ਆਮ ਲੋਕਾਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ | ਬਲੋਚਿਸਤਾਨ ਦੇ ਸਰੋਤਾਂ ਦੀ ਚੱਲ ਰਹੀ ਲੁੱਟ, ਨਸਲਕੁਸ਼ੀ, ਸੱਭਿਆਚਾਰਕ ਮਿਟਾਉਣ, ਆਰਥਿਕ ਸ਼ੋਸ਼ਣ ਅਤੇ ਬਲੋਚ ਭਾਸ਼ਾ ਦੇ ਯੋਜਨਾਬੱਧ ਹਾਸ਼ੀਏ 'ਤੇ ਧੱਕੇ ਜਾਣ ਤੋਂ ਇਲਾਵਾ ਕਬਜ਼ਾ ਕਰਨ ਵਾਲੀਆਂ ਤਾਕਤਾਂ ਨੇ ਹੁਣ ਆਜ਼ਾਦੀ ਪੱਖੀ ਬਲੋਚ ਨਾਗਰਿਕਾਂ ਦੇ ਘਰਾਂ ਨੂੰ ਸਿੱਧੇ ਤੌਰ 'ਤੇ ਢਾਹੁਣਾ ਸ਼ੁਰੂ ਕਰ ਦਿੱਤਾ ਹੈ | ਉਕਤ ਪ੍ਰਗਟਾਵਾ ਬਲੋਚ ਆਗੂ ਮੀਰ ਯਾਰ ਬਲੋਚ ਵਲੋਂ ਸੰਯੁਕਤ ਰਾਸ਼ਟਰ ਸਮੇਤ ਹੋਰ ਮੁਲਕਾਂ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਲਿਖੇ ਪੱਤਰਾਂ 'ਚ ਕੀਤਾ ਗਿਆ ਹੈ | ਬਲੋਚ ਨੇ ਕਿਹਾ ਕਿ ਇਹ ਕਾਰਵਾਈਆਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਵੱਖ-ਵੱਖ ਕੌਮਾਂਤਰੀ ਕਾਰਪੋਰੇਸ਼ਨਾਂ ਲਈ ਜ਼ਮੀਨ ਖਾਲੀ ਕਰਨ ਲਈ ਕੀਤੀਆਂ ਜਾ ਰਹੀਆਂ ਹਨ | ਇਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ ਅਤੇ ਬਲੋਚਿਸਤਾਨ ਗਣਰਾਜ 'ਚ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਉਸ ਨੇ ਕਿਹਾ ਕਿ ਗਵਾਦਰ ਦੇ ਨਾਲ-ਨਾਲ ਅਤੇ ਬਲੋਚਿਸਤਾਨ ਦੇ 800 ਕਿਲੋਮੀਟਰ ਦੇ ਤੱਟਰੇਖਾ ਦੇ ਪਾਰ ਦਰਜਨਾਂ ਬਲੋਚ ਪਿੰਡਾਂ ਨੂੰ ਢਾਹਿਆ ਅਤੇ ਤਬਾਹ ਕੀਤਾ ਜਾ ਰਿਹਾ ਹੈ | ਉਸ ਨੇ ਕਿਹਾ ਕਿ ਪਾਕਿ ਅਤੇ ਚੀਨ ਵਿਚਕਾਰ ਰਣਨੀਤਕ ਗੱਠਜੋੜ ਦੇ ਚਲਦਿਆਂ ਦੋਵੇਂ ਮੁਲਕਾਂ ਦੀਆਂ ਤਾਲਮੇਲ ਵਾਲੀਆਂ ਬਲੋਚ ਵਿਰੋਧੀ ਨੀਤੀਆਂ ਰਾਹੀਂ ਬਲੋਚਿਸਤਾਨ ਦੀ ਜਨਸੰਖਿਆ ਬਣਤਰ ਨੂੰ ਬਦਲਿਆ ਜਾ ਰਿਹਾ ਹੈ ਅਤੇ ਬਲੋਚ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ 'ਚ ਘੱਟ ਗਿਣਤੀ ਸਾਬਤ ਕੀਤਾ ਜਾ ਰਿਹਾ ਹੈ | ਨੁਸ਼ਕੀ, ਅਹਿਮਦਵਾਲ, ਕਲਾਤ, ਪੰਜਗੁਰ, ਖੁਜ਼ਦਾਰ, ਕੋਹਲੂ, ਕਾਹਨ, ਡੇਰਾ ਬੁਗਤੀ ਅਤੇ ਬਲੋਚਿਸਤਾਨ ਗਣਰਾਜ ਦੇ ਹੋਰ ਖੇਤਰਾਂ ਤੋਂ ਵੀ ਰਾਜ ਦੇ ਹਮਲੇ ਅਤੇ ਦਮਨ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ | ਮੀਰ ਯਾਰ ਬਲੋਚ ਨੇ ਕਿਹਾ ਕਿ ਬਲੋਚਾਂ 'ਚ ਡਰ ਪੈਦਾ ਕਰਨ ਲਈ ਗਵਾਦਰ ਖੇਤਰ 'ਚ ਪਾਕਿਸਤਾਨੀ ਫ਼ੌਜਾਂ ਨੇ ਦੇਰ ਰਾਤ ਨੂਰ ਬਖ਼ਸ਼ ਕਲਮਾਤੀ ਬਲੋਚ ਦੇ ਘਰ ਨੂੰ ਢਾਹ ਦਿੱਤਾ | ਕਲਮਾਤੀ ਨੂੰ ਪਿਛਲੇ ਸਾਲ ਪਾਕਿ ਦੀ ਫ਼ੌਜ ਅਤੇ ਆਈ. ਐੱਸ. ਆਈ. ਵਲੋਂ ਲਾਪਤਾ ਕਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਅਣਜਾਣ ਥਾਂ ਤੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ | ਉਸ ਨੇ ਪਾਕਿਸਤਾਨੀ ਫ਼ੌਜ ਨੂੰ ਚਿਤਾਵਨੀ ਦਿੱਤੀ ਕਿ ਬਲੋਚ ਤਾਂ ਆਪਸ ਵਿਚ ਸਹਿਯੋਗ ਕਰਕੇ ਆਪਣੇ ਢਾਹੇ ਘਰ ਦੁਬਾਰਾ ਬਣਾ ਲੈਣਗੇ ਪਰ ਬਲੋਚਾਂ ਦੇ ਹਮਲਿਆਂ 'ਚ ਭਿਖਾਰੀ ਬਣ ਚੁੱਕੀ ਪਾਕਿਸਤਾਨੀ ਫ਼ੌਜ ਆਪਣੀਆਂ ਛਾਉਣੀਆਂ ਅਤੇ ਰਿਹਾਇਸ਼ਗਾਹਾਂ ਦੁਬਾਰਾ ਨਹੀਂ ਬਣਾ ਸਕੇਗੀ |