ਚੰਡੀਗੜ੍ਹ, 13 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਪਰ ਉਨ੍ਹਾਂ ਦੇ ਭਾਜਪਾ ਛੱਡ ਕੇ ਮੁੜ ਕਾਂਗਰਸ 'ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਨੇ ਪੰਜਾਬ ਕਾਂਗਰਸ ਦੇ ਕਈ ਆਗੂਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ | ਦੱਸਿਆ ਜਾ ਰਿਹਾ ਕਿ ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਆਗੂ ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ ਚਰਚਾਵਾਂ ਕਾਰਨ ਚਿੰਤਾ ਵਿਚ ਹਨ ਅਤੇ ਉਹ ਆਪਣੀ ਚਿੰਤਾ ਘਟਾਉਣ ਲਈ ਦਿੱਲੀ ਦਰਬਾਰ 'ਚ ਬੈਠੇ ਆਪਣੇ ਆਕਾਵਾਂ ਜ਼ਰੀਏ ਕਾਂਗਰਸ ਹਾਈਕਮਾਨ ਕੋਲ ਕੈਪਟਨ ਦੇ ਖ਼ਿਲਾਫ਼ ਆਪਣੀ 'ਰਾਏ ਸਲਾਹ' ਵੀ ਪਹੁੰਚਾਉਣ ਲੱਗ ਗਏ ਹਨ | ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਕੁਝ ਸਮੇਂ ਤੋਂ ਆਏ ਬਿਆਨਾਂ ਤੋਂ ਬਾਅਦ ਇਸ ਗੱਲ 'ਤੇ ਚਰਚਾ ਛਿੜ ਗਈ ਸੀ ਕਿ ਭਾਜਪਾ ਤੋਂ ਕੈਪਟਨ ਦਾ ਮੂੰਹ ਭੰਗ ਹੋ ਚੁੱਕਾ ਹੈ ਅਤੇ ਸ਼ਾਇਦ ਹੁਣ ਮੁੜ ਕਾਂਗਰਸ 'ਚ ਵਾਪਸੀ ਕਰਨਾ ਚਾਹੁੰਦੇ ਹਨ | ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਦਿੱਤੇ ਗਏ ਤਾਜ਼ਾ ਬਿਆਨ ਨੇ ਹੁਣ ਕਾਂਗਰਸ ਪਾਰਟੀ 'ਚ ਮੁੜ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ | ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤਾਂ ਉਸ ਤੋਂ ਬਾਅਦ ਹੁਣ ਤੱਕ ਪੰਜਾਬ ਕਾਂਗਰਸ ਇੱਕਜੁੱਟ ਨਹੀਂ ਹੋ ਸਕੀ ਅਤੇ ਇਸ ਗੱਲ ਨੂੰ ਕਾਂਗਰਸ ਹਾਈਕਮਾਨ ਵੀ ਕਿਤੇ ਨਾ ਕਿਤੇ ਮਹਿਸੂਸ ਕਰਦੀ ਆ ਰਹੀ, ਜਿਸ ਦੇ ਚਲਦਿਆਂ ਹੀ ਭੁਪੇਸ਼ ਬਘੇਲ ਨੇ ਅਜਿਹਾ ਬਿਆਨ ਦਿੱਤਾ ਹੈ ਅਤੇ ਹੋ ਸਕਦਾ ਹੈ ਕਿ ਬਘੇਲ ਦੀ ਇਸ ਬਾਬਤ ਕਾਂਗਰਸ ਹਾਈਕਮਾਨ ਨਾਲ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਹੋਵੇ |