ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ' ਮੁਹਿੰਮ ਤਹਿਤ ਪਹਿਲੀ ਰੈਲੀ ਕਾਦੀਆਂ 'ਚ
ਕਾਦੀਆਂ (ਗੁਰਦਾਸਪੁਰ), 17 ਫਰਵਰੀ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਅੰਦਰ 40 ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਆਗਾਜ਼ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕੀਤਾ ਗਿਆ | ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਦਾਣਾ ਮੰਡੀ ਕਾਦੀਆਂ ਵਿਖੇ ਹੋਈ ਇਸ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸਮੇਤ ਜ਼ਿਲ੍ਹੇ ਅਤੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ | 'ਪੰਜਾਬ ਬਚਾਓ' ਰੈਲੀ ਦਾ ਆਗਾਜ਼ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਦਿੱਲੀ ਦੇ ਇਸ਼ਾਰੇ 'ਤੇ ਸਰਕਾਰ ਚੱਲ ਰਹੀ ਹੈ | ਇਹ ਸਰਕਾਰ ਕੇਵਲ ਇਸ਼ਤਿਹਾਰਬਾਜ਼ੀ ਦੀ ਸਰਕਾਰ ਹੈ, ਜਿਨ੍ਹਾਂ ਵਿਚੋਂ 20 ਫ਼ੀਸਦੀ ਹਿੱਸਾ ਕਮਿਸ਼ਨ ਲਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ, ਪੰਜਾਬੀਅਤ ਨਾਲ ਕੋਈ ਮੋਹ ਨਹੀਂ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਮੂੰਹੋਂ ਮੰਗੇ ਬਿਜਲੀ ਕੁਨੈਕਸ਼ਨ ਪਹਿਲੇ ਹਫ਼ਤੇ ਹੀ ਦਿੱਤੇ ਜਾਣਗੇ | ਇਸ ਤੋਂ ਇਲਾਵਾ ਫਸਲਾਂ ਦੀ ਖਰੀਦ ਨੂੰ ਹੋਰ ਭਰੋਸੇਯੋਗ ਬਣਾਇਆ ਜਾਵੇਗਾ | ਬੇਰੁਜ਼ਗਾਰਾਂ ਨੂੰ ਵੱਖ-ਵੱਖ ਕਿੱਤਿਆਂ ਲਈ ਬਿਨਾਂ ਵਿਆਜ ਤੋਂ 10 ਲੱਖ ਰੁਪਏ ਦਾ ਕਰਜ਼ਾ ਲੰਮੇ ਸਮੇਂ ਲਈ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ 3100 ਰੁਪਏ ਪੈਨਸ਼ਨ ਅਤੇ ਧੀਆਂ ਨੂੰ ਸ਼ਗਨ ਸਕੀਮ ਤਹਿਤ ਇਕ ਲੱਖ ਰੁਪਏ ਦਿੱਤੇ ਜਾਣਗੇ | ਇਸ ਤੋਂ ਇਲਾਵਾ ਸਸਤੀਆਂ ਦਰਾਂ 'ਤੇ ਅਨਾਜ ਮੁਹੱਈਆ ਕਰਵਾਇਆ ਜਾਵੇਗਾ | ਹਰੇਕ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਿ੍ਹਆ ਜਾਵੇਗਾ, ਬੱਚਿਆਂ ਨੂੰ ਡਾਕਟਰੀ, ਇੰਜੀਨੀਅਰਿੰਗ ਅਤੇ ਹੋਰ ਪੜ੍ਹਾਈ ਲਈ ਪੰਜਾਬ ਸਰਕਾਰ ਦਿਲ ਖੋਲ ਕੇ ਮਦਦ ਦੇਵੇਗੀ | ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਹਲਕਾ ਕਾਦੀਆਂ ਲਈ ਕੁਝ ਮੰਗਾਂ ਰੱਖੀਆਂ, ਜਿਨਾਂ ਵਿਚ ਦਰਿਆ ਬਿਆਸ ਦੇ ਧਨੋਆ ਪੱਤਣ ਨੂੰ ਜੋੜਨ ਵਾਲੀਆਂ ਵੱਡੀਆਂ ਸੜਕਾਂ, ਲਾਧੂਪੁਰ ਕਾਲਜ ਨੂੰ ਪੰਜਾਬ ਪੱਧਰ ਦੇ ਕਾਲਜਾਂ ਵਿਚ ਸ਼ਾਮਿਲ ਕਰਨ, ਹਲਕਾ ਕਾਦੀਆਂ ਵਿਚ ਸੇਮ ਦੀ ਸਮੱਸਿਆ ਆਦਿ ਮੁੱਖ ਮੰਗਾਂ ਸ਼ਾਮਿਲ ਹਨ | ਅਖੀਰ 'ਚ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਅਤੇ ਸੀਨੀਅਰ ਆਗੂ ਜਰਨੈਲ ਸਿੰਘ ਮਾਹਲ ਨੇ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਜਥੇ. ਸੁਰਜੀਤ ਸਿੰਘ ਤੁਗਲਵਾਲ, ਜਥੇ. ਗੁਰਿੰਦਰਪਾਲ ਸਿੰਘ ਗੋਰਾ, ਸਾਬਕਾ ਸੰਸਦੀ ਸਕੱਤਰ ਦੇਸ ਰਾਜ ਧੁੱਗਾ, ਰਮਨਦੀਪ ਸਿੰਘ ਸੰਧੂ, ਐਸ.ਸੀ. ਵਿੰਗ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਜੀਤ ਸਿੰਘ ਬਿਜਲੀਵਾਲ, ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ, ਕਮਲਜੀਤ ਸਿੰਘ ਚਾਵਲਾ, ਜਗਬੀਰ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਧਾਨ ਬਾਜੀਗਰ ਫਰੰਟ ਗੁਰਦਾਸਪੁਰ, ਜਤਿੰਦਰ ਸਿੰਘ ਲੱਧਾਮੁੰਡਾ, ਮਨਜੀਤ ਸਿੰਘ ਮੋਕਲ, ਸ਼ਰਨਜੀਤ ਕੌਰ ਜੀਦੜ, ਅਜੀਤ ਸਿੰਘ ਰਾਣਾ ਰਾਏਚੱਕ, ਗੁਰਦਿਲਬਾਗ ਸਿੰਘ ਨੀਟਾ ਮਾਹਲ, ਇੰਦਰਜੀਤ ਸਿੰਘ ਜਕੜੀਆ, ਸਰਦੂਲ ਸਿੰਘ ਔਲਖ, ਅਮਰਜੋਤ ਸਿੰਘ ਬੱਬੇਹਾਲੀ, ਬਲਦੇਵ ਸਿੰਘ ਸੇਖਵਾਂ, ਨਰਿੰਦਰ ਸਿੰਘ ਸੇਖਵਾਂ, ਸ਼ਮਸ਼ੇਰ ਸਿੰਘ ਚੀਮਾ, ਸਾਗਰ ਮਾਹਲ, ਕਰਨ ਮਾਹਲ, ਲਖਵਿੰਦਰ ਸਿੰਘ ਚੱਕ ਸ਼ਰੀਫ ਆਦਿ ਹਾਜ਼ਰ ਸਨ |
ਬਿਕਰਮ ਸਿੰਘ ਮਜੀਠੀਆ ਦੀ ਗੈਰ-ਹਾਜ਼ਰੀ ਰੜਕੀ
ਰੈਲੀ 'ਚ ਬਿਕਰਮ ਸਿੰਘ ਮਜੀਠੀਆ ਦੀ ਗੈਰ-ਹਾਜ਼ਰੀ ਅਤੇ ਹੋਰਡਿਗਾਂ 'ਚੋਂ ਉਨ੍ਹਾਂ ਦੀ ਤਸਵੀਰ ਤੋਂ ਇਲਾਵਾ ਸਟੇਜ 'ਤੇ ਆਗੂਆਂ ਵਲੋਂ ਭਾਸ਼ਣ ਵਿਚ ਵੀ ਉਨ੍ਹਾਂ ਦਾ ਨਾਂਅ ਤੱਕ ਨਹੀਂ ਲਿਆ ਗਿਆ, ਜਿਸ ਨਾਲ ਵਰਕਰਾਂ ਦੀ ਆਪਸੀ ਖੁਸਰ-ਮੁਸਰ ਹੁੰਦੀ ਰਹੀ |
ਅਕਾਲੀ ਦਲ ਦੀ ਸਰਕਾਰ ਬਣਨ 'ਤੇ ਹਰੇਕ ਵਰਗ ਨੂੰ ਦਿੱਤੇ ਜਾਣਗੇ ਸਹੂਲਤਾਂ ਦੇ ਗੱਫੇ-ਸੁਖਬੀਰ <br/>
ਅਜੀਤ ਡੈਸਕ
18-02-2026