ਘਟਨਾ ਦੇ 42 ਵਰਿ੍ਹਆਂ ਬਾਅਦ ਵੀ ਗਹਿਰੇ ਸਦਮੇ 'ਚੋਂ ਬਾਹਰ ਨਹੀਂ ਆ ਰਹੀ ਪੀੜਤ ਬੀਬੀ ਗੁੱਡੀ ਦੇਵੀ
ਮਲੇਰਕੋਟਲਾ, 17 ਫਰਵਰੀ (ਮਨਜਿੰਦਰ ਸਿੰਘ ਸਰੌਦ)-ਇਤਿਹਾਸ ਦੇ ਪੰਨਿਆਂ 'ਤੇ ਕੁਝ ਅਜਿਹੀਆਂ ਖ਼ੂਨੀ ਘਟਨਾਵਾਂ ਦਰਜ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਦਹਾਕਿਆਂ ਬਾਅਦ ਵੀ ਸੁਣਨ ਸਮੇਂ ਮਨੁੱਖ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ ਅਤੇ ਅੱਖਾਂ 'ਚ ਖ਼ੂਨ ਉਤਰ ਆਉਂਦਾ ਹੈ | ਅਜਿਹੀ ਹੀ ਇਕ ਬੇਹੱਦ ਦੁਖਦਾਈ ਘਟਨਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ 2 ਨਵੰਬਰ, 1984 ਨੂੰ ਵਾਪਰੀ ਸੀ, ਜਿਥੇ ਖ਼ੰੂਖ਼ਾਰ ਦਰਿੰਦਿਆਂ ਦੀ ਭੀੜ ਵਲੋਂ ਸਿੱਖਾਂ ਦੇ ਘੁੱਗ ਵੱਸਦੇ ਪੂਰੇ ਪਿੰਡ ਨੂੰ ਖੰਡਰ ਬਣਾ ਦਿੱਤਾ ਗਿਆ | ਗੁੰਡਿਆਂ ਵਲੋਂ ਲਗਾਤਾਰ 3 ਦਿਨ ਇਸ ਪਿੰਡ ਦੇ ਅੰਦਰ ਸਿੱਖ ਭਾਈਚਾਰੇ ਦੇ 32 ਮੈਂਬਰਾਂ ਦਾ ਕਤਲੇਆਮ ਕਰਦਿਆਂ ਦੁੱਧ ਚੁੰਘਦੇ ਮਾਸੂਮ ਬੱਚਿਆਂ ਤੋਂ ਲੈ ਕੇ ਬੀਬੀਆਂ ਤੱਕ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਖ਼ੂਨੀ ਨਰਸੰਹਾਰ ਨੂੰ ਅੰਜਾਮ ਦਿੱਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਈ ਦਰਸ਼ਨ ਸਿੰਘ ਘੋਲੀਆ ਦੇ ਸਾਥੀਆਂ ਦੀ ਬਦੌਲਤ ਹੁਣ ਇਹ ਮਾਮਲਾ ਅਦਾਲਤ ਵਿਚ ਹੈ | ਗੁੰਡਿਆਂ ਵਲੋਂ ਜਦ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਹੱਸਦੇ ਵੱਸਦੇ ਪਿੰਡ ਹੋਂਦ ਚਿੱਲੜ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਸ ਕਤਲੇਆਮ ਵਿਚ ਬੀਬੀ ਗੁੱਡੀ ਦੇਵੀ ਦੇ ਚਾਚੇ-ਤਾਏ ਦੇ ਪਰਿਵਾਰਾਂ ਦੇ 18 ਜੀਆਂ ਨੂੰ ਜ਼ਖ਼ਮੀ ਹਾਲਤ ਵਿਚ ਖੂਹ ਵਿਚ ਸੁੱਟ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਉਂਦਿਆਂ ਦਰਦਨਾਕ ਮੌਤ ਦਿੱਤੀ ਗਈ | ਇਹ ਗੁਲਾਬ ਸਿੰਘ ਦੀ ਢਾਣੀ ਦੇ ਨਾਂਅ ਨਾਲ ਜਾਣਿਆ ਜਾਂਦਾ ਸਿੱਖ ਪਰਿਵਾਰ ਸੀ | ਇਨ੍ਹਾਂ ਦੇ ਪਰਿਵਾਰ, ਘਰ-ਘਾਟ ਤੇ ਜਾਇਦਾਦ ਤਬਾਹ ਕਰ ਦਿੱਤੇ | ਬੀਤੇ ਦਿਨੀਂ ਜਦ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਵੇਖਿਆ ਕਿ ਅੱਜ ਵੀ ਬੀਬੀ ਗੁੱਡੀ ਦੇਵੀ ਇਸ ਕਤਲੇਆਮ ਸੰਬੰਧੀ ਕੁਝ ਸ਼ਬਦ ਆਪਣੀ ਜ਼ੁਬਾਨ 'ਤੇ ਲਿਆਉਂਦੀ ਹੈ ਤਾਂ ਉਸ ਦੀ ਜ਼ੁਬਾਨ ਥਥਲਾਉਣ ਲੱਗ ਜਾਂਦੀ ਹੈ ਅਤੇ ਹੱਥ-ਪੈਰ ਕੰਬਣ ਲੱਗ ਜਾਂਦੇ ਹਨ | ਉਸ ਸਮੇਂ ਸਰਦਾਰਾ ਸਿੰਘ ਦੀ ਇਸ ਧੀ ਗੁੱਡੀ ਦੇਵੀ ਦੀ ਉਮਰ ਮਹਿਜ਼ 13 ਸਾਲ ਦੀ ਸੀ ਪਰ ਉਹ ਆਪਣੇ ਨਾਨਕੇ ਪਿੰਡ ਹਨੂਮਾਨਗੜ੍ਹ ਵਿਖੇ ਗਈ ਹੋਣ ਕਰ ਕੇ ਬਚ ਗਈ | ਜਦ ਉਸ ਨੇ ਆਪਣੇ ਪਿੰਡ ਦਾ ਖ਼ੂਨੀ ਮੰਜ਼ਰ ਵੇਖਿਆ ਤਾਂ ਉਹ ਆਪਣੀ ਸੁੱਧ-ਬੁੱਧ ਖੋ ਬੈਠੀ | ਅੱਜ ਆਪਣੀ ਜ਼ਿੰਦਗੀ ਦੇ 54 ਵੇਂ ਵਰ੍ਹੇ ਨੂੰ ਪਹੁੰਚ ਚੁੱਕੀ ਬੀਬੀ ਗੁੱਡੀ ਦੇਵੀ ਕਹਿੰਦੀ ਹੈ ਕਿ ਚੰਗਾ ਹੋਵੇ ਜੇਕਰ ਉਸ ਨਾਲ ਉਸ ਕਤਲੇਆਮ ਦੀਆਂ ਗੱਲਾਂ ਸਾਂਝੀਆਂ ਨਾ ਕੀਤੀਆਂ ਜਾਣ, ਕਿਉਂਕਿ ਹੁਣ ਉਸ ਦੇ ਵਿਚ ਵੇਖਿਆ, ਸੁਣਿਆ ਉਹ ਸਭ ਕੁਝ ਸਾਂਝਾ ਕਰਨ ਦੀ ਸਮਰੱਥਾ ਨਹੀਂ ਹੈ, ਜੋ ਉਨ੍ਹਾਂ ਦੇ ਪਰਿਵਾਰ ਨਾਲ ਹੋਇਆ ਸੀ | ਬੁਰੀ ਤਰ੍ਹਾਂ ਗਹਿਰੇ ਸਦਮੇ ਵਿਚ ਪਹੁੰਚ ਚੁੱਕੀ ਬੀਬੀ ਗੁੱਡੀ ਦੇਵੀ ਵੇਖਣ ਨੂੰ ਭਾਵੇਂ ਠੀਕ-ਠਾਕ ਲੱਗਦੀ ਹੈ ਪਰ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਥੱਕ ਚੁੱਕੀ ਹੈ | ਹੋਂਦ ਚਿੱਲੜ ਦੇ ਖ਼ੂਨੀ ਮੰਜ਼ਰ ਦੀਆਂ ਇਹ ਉਹ ਕੁਝ ਘਟਨਾਵਾਂ ਨੇ ਜਿਨ੍ਹਾਂ ਨੂੰ ਉਹ ਪਰਿਵਾਰ ਕਦੇ ਵੀ ਨਹੀਂ ਭੁੱਲ ਸਕਦੇ | ਭਾਵੇਂ ਸ਼੍ਰੋਮਣੀ ਕਮੇਟੀ ਤੇ ਭਾਈ ਦਰਸ਼ਨ ਸਿੰਘ ਘੋਲੀਆ ਹੋਰਾਂ ਦੇ ਸਾਥੀਆਂ ਦੀ ਬਦੌਲਤ ਲੜੇ ਗਏ ਕੇਸਾਂ ਤੋਂ ਬਾਅਦ ਪੀੜਤਾਂ ਨੂੰ ਕਰੀਬ 22 ਕਰੋੜ 60 ਲੱਖ ਮੁਆਵਜ਼ਾ ਵੀ ਮਿਲਿਆ ਪਰ ਇਨਸਾਫ਼ ਦੀ ਆਸ ਅੱਜ ਵੀ ਬਾਕੀ ਹੈ | ਇਨਸਾਫ਼ ਦੀ ਉਡੀਕ ਵਿਚ ਬਿਮਾਰੀ ਦੀ ਹਾਲਤ ਦੌਰਾਨ ਵੀ ਪੀੜਤ ਪਰਿਵਾਰ ਅਦਾਲਤਾਂ ਦੇ ਬੂਹੇ ਵੱਲ ਟਿਕ-ਟਿਕੀ ਲਾ ਕੇ ਵੇਖ ਰਹੇ ਹਨ ਕਿ ਸ਼ਾਇਦ ਉਨ੍ਹਾਂ ਦੀ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਸੁਣੀ ਜਾਵੇਗੀ |
ਅੱਜ ਵੀ ਅੱਲੇ ਨੇ ਸਿੱਖ ਕਤਲੇਆਮ 'ਚ ਆਪਣੇ ਪਰਿਵਾਰ ਦੇ 18 ਜੀਅ ਗਵਾ ਚੁੱਕੀ ਬੀਬੀ ਗੁੱਡੀ ਦੇਵੀ ਦੇ ਜ਼ਖ਼ਮ
ਅਜੀਤ ਡੈਸਕ
18-02-2026