ਪੰਜਾਬ 'ਚ 2 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੇ ਮਗਰੋਂ ਮੁਕਾਬਲੇ ਦੇ ਮਾਮਲੇ 'ਚ ਹੋ ਸਕਦੀ ਹੈ ਕੇਂਦਰੀ ਏਜੰਸੀ ਦੀ 'ਐਂਟਰੀ' <br/>
ਅਜੀਤ ਡੈਸਕ
28-02-2026
ਚੰਡੀਗੜ੍ਹ 27 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਗੁਰਦਾਸਪੁਰ 'ਚ ਪਿਛਲੇ ਦਿਨੀਂ ਦੋ ਮੁਲਾਜ਼ਮਾਂ ਦੀ ਹੋਈ ਹੱਤਿਆ ਅਤੇ ਉਸ ਮਗਰੋਂ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵਲੋਂ ਕੀਤੇ ਗਏ ਇਕ 19 ਸਾਲਾ ਨੌਜਵਾਨ ਦੇ ਮੁਕਾਬਲੇ ਦੇ ਮਾਮਲੇ 'ਚ ਕੇਂਦਰੀ ਏਜੰਸੀ ਦੀ 'ਐਂਟਰੀ' ਹੋ ਸਕਦੀ ਹੈ | ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੇਂਦਰੀ ਜਾਂਚ ਏਜੰਸੀ ਨੂੰ ਇਸ ਸੰਬੰਧੀ ਜਾਣਕਾਰੀ ਇਕੱਤਰ ਕਰਨ ਲਈ ਹਦਾਇਤ ਦਿੱਤੀ ਗਈ ਹੈ | ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਸੁਰੱਖਿਆ ਤੇ ਜਾਂਚ ਏਜੰਸੀਆਂ ਨੇ ਵੀ ਨਜ਼ਰ ਟਿਕਾ ਲਈ ਹੈ, ਜਿਸ ਨੂੰ ਲੈ ਕੇ ਹੁਣ ਮਾਮਲਾ ਹੋਰ ਭੱਖਦਾ ਨਜ਼ਰ ਆ ਰਿਹਾ ਹੈ | ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਹ ਮਾਮਲਾ ਪੰਜਾਬ ਦੇ ਸਰਹੱਦੀ ਇਲਾਕੇ ਨਾਲ ਸੰਬੰਧਿਤ ਹੋਣ ਕਰਕੇ ਬੇਹੱਦ ਮਹੱਤਵਪੂਰਨ ਹੈ, ਜਿਸ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਜਾਵੇ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਕੀਤੇ ਮੁਕਾਬਲੇ ਨੂੰ ਲੈ ਕੇ ਜੋ ਕਹਾਣੀ ਦੱਸੀ ਗਈ ਹੈ, ਉਸ ਨੂੰ ਲੈ ਕੇ ਵੀ ਕੇਂਦਰੀ ਏਜੰਸੀਆਂ ਚੌਕਸ ਹੋ ਗਈਆਂ ਹਨ ਕਿ ਪਾਕਿਸਤਾਨ ਵਿਚ ਬੈਠ ਕੇ ਜਾਂ ਫਿਰ ਵਿਦੇਸ਼ਾਂ ਵਿਚ ਬੈਠੇ ਅਪਰਾਧੀ ਪੰਜਾਬ ਦੇ ਨੌਜਵਾਨਾਂ ਨੂੰ ਕੁਰਾਹੇ ਪਾ ਕੇ ਅਜਿਹੇ ਅਪਰਾਧ ਕਰਾਉਣ ਲਈ ਜੋ ਤਰੀਕੇ ਅਪਣਾ ਰਹੀਆਂ ਹਨ, ਉਸ ਦਾ ਸੂਤਰਧਾਰ ਪੰਜਾਬ ਵਿਚ ਕੌਣ ਹੈ | ਖ਼ੁਫ਼ੀਆ ਏਜੰਸੀ ਦੇ ਇਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਕਈ ਪਾਸਿਉਂ ਮਾਰ ਪੈ ਰਹੀ ਹੈ, ਜਿਥੇ ਪੰਜਾਬ 'ਚ ਇਸ ਵੇਲੇ ਗੈਂਗਸਟਰਵਾਦ ਦਾ ਬੋਲ ਬਾਲਾ ਹੈ, ਉਥੇ ਪਾਕਿਸਤਾਨ ਵਿਚ ਬੈਠੀ ਏਜੰਸੀ ਆਈ.ਐਸ.ਆਈ. ਵੀ ਸਾਡੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਦਕਿ ਦੂਜੇ ਪਾਸੇ ਵਿਦੇਸ਼ਾਂ 'ਚ ਬੈਠੇ ਕੁਝ ਗਰਮ ਖ਼ਿਆਲੀ ਵੀ ਖ਼ਾਲਿਸਤਾਨ ਦੇ ਨਾਂਅ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਕੇ ਅਤੇ ਲਾਲਚ ਦੇ ਕੇ ਕੋਈ ਨਾ ਕੋਈ ਅਪਰਾਧਿਕ ਗਤੀਵਿਧੀ ਕਰਾਉਣ ਦੀ ਸਾਜ਼ਿਸ਼ ਰਚਣ 'ਚ ਲੱਗੇ ਰਹਿੰਦੇ ਹਨ | ਦੱਸਣਯੋਗ ਹੈ ਕਿ ਪੰਜਾਬ 'ਚ ਇਨ੍ਹਾਂ ਦੋ ਮਾਮਲਿਆਂ ਨੂੰ ਲੈ ਕੇ ਪਹਿਲਾਂ ਹੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ |