ਬਟਾਲਾ, 27 ਫਰਵਰੀ (ਰਾਕੇਸ਼ ਰੇਖੀ)-ਪਤਨੀ ਦੇ ਕਥਿਤ ਨਾਜ਼ਾਇਜ ਸੰਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਪਤੀ ਨੇ ਜ਼ਹਿਰ ਨਿਗਲ ਕੇ ਆਤਮ ਹੱਤਿਆ ਕਰ ਲਈ | ਮਿ੍ਤਕ ਦੇ ਪਿਤਾ ਵਲੋਂ ਲਗਾਏ ਗਏ ਦੋਸ਼ 'ਤੇ ਪੁਲਿਸ ਨੇ ਪਤਨੀ ਤੇ ਉਸ ਦੇ ਕਥਿਤ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕਰਕੇ ਪਤਨੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਰੰਗੜ ਨੰਗਲ ਦੇ ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਠੱਠਾ ਥਾਣਾ ਘਣੀਏ ਕੇ ਬਾਂਗਰ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦੇ ਵੱਡੇ ਬੇਟੇ ਹਰਵੰਤ ਸਿੰਘ (35) ਦਾ ਵਿਆਹ ਮਲਕੀਤ ਕੌਰ ਵਾਸੀ ਪਿੰਡੀਆਂ ਔਲਖ ਨਾਲ ਹੋਇਆ ਸੀ | ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਦੀ ਉਸ ਦੀ ਨੂੰ ਹ ਦੇ ਨਾਜਾਇਜ਼ ਸੰਬੰਧ ਪਿੰਡ ਠੱਠਾ ਦੇ ਰਹਿਣ ਵਾਲੇ ਸਾਬੀ ਸਿੰਘ ਨਾਲ ਬਣ ਗਏ, ਜਦੋਂ ਇਸ ਦਾ ਪਤਾ ਹਰਵੰਤ ਸਿੰਘ ਅਤੇ ਪਰਿਵਾਰ ਨੂੰ ਚਲਿਆ ਤਾਂ ਹਰਵੰਤ ਸਿੰਘ ਦਾ ਆਪਣੀ ਪਤਨੀ ਮਲਕੀਤ ਕੌਰ ਨਾਲ ਤਕਰਾਰ ਰਹਿਣ ਲੱਗ ਪਿਆ | ਇਸ ਗੱਲ ਨੂੰ ਲੈ ਕੇ ਅਕਸਰ ਦੋਵਾਂ ਵਿਚ ਝਗੜਾ ਹੁੰਦਾ ਰਹਿੰਦਾ ਸੀ | 25 ਫਰਵਰੀ ਨੂੰ ਹਰਵੰਤ ਸਿੰਘ ਨੇ ਆਪਣੀ ਪਤਨੀ ਮਲਕੀਤ ਕੌਰ ਨੂੰ ਉਸ ਦੇ ਪ੍ਰੇਮੀ ਸਾਬੀ ਨਾਲ ਇਕੱਠਿਆਂ ਕਿਤੇ ਦੇਖ ਲਿਆ, ਜਿਸ 'ਤੇ ਪਤੀ-ਪਤਨੀ ਵਿਚ ਫਿਰ ਕਾਫੀ ਬਹਿਸ ਹੋਈ | ਝਗੜੇ ਤੋਂ ਬਾਅਦ ਉਸੇ ਦਿਨ ਸਵੇਰੇ ਕਰੀਬ 10 ਵਜੇ ਮਲਕੀਤ ਕੌਰ ਥਾਣਾ ਰੰਗੜ੍ਹ ਨੰਗਲ ਦੇ ਪਿੰਡ ਨਾਨਕ ਨੰਗਲ ਵਿਚ ਆਪਣੀ ਭੈਣ ਹਰਮੀਤ ਕੌਰ ਪਤਨੀ ਪੇ੍ਰਮ ਸਿੰਘ ਦੇ ਘਰ ਚਲੀ ਗਈ | ਕਰੀਬ 3 ਵਜੇ ਬਾਅਦ ਦੁਪਹਿਰ ਹਰਵੰਤ ਸਿੰਘ ਵੀ ਆਪਣੀ ਪਤਨੀ ਪਿੱਛੇ ਸਾਂਢੂ ਪ੍ਰੇਮ ਸਿੰਘ ਦੇ ਘਰ ਚਲਾ ਗਿਆ | ਦੇਰ ਰਾਤ ਤੱਕ ਹਰਵੰਤ ਸਿੰਘ ਨੂੰ ਉਹ ਉਡੀਕਦੇ ਰਹੇ, ਪਰ ਉਹ ਵਾਪਸ ਨਹੀਂ ਆਇਆ | ਜਦੋਂ ਉਹ ਪ੍ਰੇਮ ਸਿੰਘ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਉਸ ਦੇ ਬੇਟੇ ਹਰਵੰਤ ਸਿੰਘ ਦੀ ਲਾਸ਼ ਪਈ ਹੋਈ ਸੀ | ਸਤਨਾਮ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮਲਕੀਤ ਕੌਰ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਤਣਾਅ ਵਿਚ ਰਹਿਣ ਕਾਰਨ ਹਰਵੰਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ | ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਲਕੀਤ ਕੌਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਸਾਬੀ ਸਿੰਘ ਅਜੇ ਫ਼ਰਾਰ ਹੈ |