ਕਰਜ਼ੇ 'ਚ ਡੁੱਬੀ ਲਹਿੰਦੇ ਪੰਜਾਬ ਦੀ ਸਰਕਾਰ ਮੰਤਰੀਆਂ ਤੇ ਨੌਕਰਸ਼ਾਹਾਂ ਲਈ ਖ਼ਰੀਦੇਗੀ 1.14 ਅਰਬ ਦੀਆਂ 108 ਗੱਡੀਆਂ <br/>
ਅਜੀਤ ਡੈਸਕ
28-02-2026
ਅੰਮਿ੍ਤਸਰ, 27 ਫਰਵਰੀ (ਸੁਰਿੰਦਰ ਕੋਛੜ)-ਕਰਜ਼ੇ 'ਚ ਪੂਰੀ ਤਰ੍ਹਾਂ ਨਾਲ ਡੁੱਬੀ ਲਹਿੰਦੇ ਪੰਜਾਬ ਦੀ ਸਰਕਾਰ ਸੂਬਾਈ ਮੰਤਰੀਆਂ ਅਤੇ ਨੌਕਰਸ਼ਾਹਾਂ ਲਈ 1.14 ਅਰਬ ਰੁਪਏ ਦੀ ਲਾਗਤ ਨਾਲ 108 ਨਵੀਆਂ ਗੱਡੀਆਂ ਖ਼ਰੀਦਣ ਦੀ ਯੋਜਨਾ ਬਣਾ ਰਹੀ ਹੈ | ਇਹ ਫ਼ੈਸਲਾ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦੀ ਸਰਕਾਰ ਵਲੋਂ ਉਨ੍ਹਾਂ ਦੇ ਨਿੱਜੀ ਵਰਤੋਂ ਲਈ ਲਗਭਗ 11 ਅਰਬ ਪਾਕਿਸਤਾਨੀ ਰੁਪਏ ਦੀ ਲਾਗਤ ਵਾਲਾ ਲਗਜ਼ਰੀ ਜਹਾਜ਼ (ਗਲਫਸਟ੍ਰੀਮ ਜੀ-500 ਮਾਡਲ) ਖ਼ਰੀਦਣ ਦੀ ਹੋ ਰਹੀ ਆਲੋਚਨਾ ਦੇ ਵਿਚਕਾਰ ਆਇਆ ਹੈ | ਸੇਵਾਵਾਂ ਅਤੇ ਆਮ ਪ੍ਰਸ਼ਾਸਨ ਵਿਭਾਗ ਅਨੁਸਾਰ ਟਰਾਂਸਪੋਰਟ ਵਿੰਗ ਨੇ ਖ਼ਰੀਦ ਲਈ ਕੈਬਨਿਟ ਨੂੰ ਆਪਣੀਆਂ ਸਿਫ਼ਾਰਸ਼ਾਂ ਸੌਂਪੀਆਂ ਹਨ, ਜਿਸ 'ਚ ਸੂਬਾਈ ਮੰਤਰੀਆਂ ਲਈ 30 ਕਰੋੜ ਰੁਪਏ ਦੀਆਂ 28 ਨਵੀਆਂ ਗੱਡੀਆਂ ਵੀ ਸ਼ਾਮਿਲ ਹਨ | ਪ੍ਰਸਤਾਵਿਤ ਬੇੜੇ 'ਚ 1 ਲੈਂਡ ਕਰੂਜ਼ਰ, 2 ਹਵਾਲ ਐੱਚ. 6 1.5 ਟੀ., 5 ਅਲਟਿਸ ਗ੍ਰਾਂਡੇ, 10 ਟੋਇਟਾ ਅਲਟਿਸ ਅਤੇ 10 ਟੋਇਟਾ ਯਾਰਿਸ ਵਾਹਨ ਸ਼ਾਮਿਲ ਹਨ | ਇਸ ਤੋਂ ਇਲਾਵਾ ਦੋ ਮੰਤਰੀਆਂ ਨੂੰ 4 ਕਰੋੜ ਰੁਪਏ ਦੀਆਂ ਬੁਲੇਟਪਰੂਫ ਗੱਡੀਆਂ ਪ੍ਰਾਪਤ ਹੋਣ ਦੀ ਉਮੀਦ ਹੈ | ਵੀ. ਆਈ. ਪੀ. ਸੁਰੱਖਿਆ ਲਈ ਸਰਕਾਰ ਨੇ 27 ਕਰੋੜ ਰੁਪਏ ਦੀਆਂ 25 ਗੱਡੀਆਂ ਖ਼ਰੀਦਣ ਦੀਆਂ ਸਿਫ਼ਾਰਸ਼ਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ | ਅਧਿਕਾਰੀਆਂ ਨੇ ਕਿਹਾ ਕਿ ਪ੍ਰਵਾਨਗੀਆਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਖ਼ਰੀਦ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ | ਉੱਧਰ, ਜਮਾਤ-ਏ-ਇਸਲਾਮੀ ਪਾਕਿਸਤਾਨ ਦੇ ਮੁਖੀ ਹਾਫ਼ਿਜ਼ ਨਈਮ ਉਰ ਰਹਿਮਾਨ ਨੇ ਸੂਬਾਈ ਸਰਕਾਰ ਦੀਆਂ ਖ਼ਰਚ ਤਰਜੀਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਦੀ ਗਰੀਬੀ ਦਰ 31 ਫ਼ੀਸਦੀ ਵਧੀ ਹੈ | ਦੂਜੇ ਪਾਸੇ, ਮੁੱਖ ਮੰਤਰੀ ਆਪਣੇ ਨਿੱਜੀ ਸਫ਼ਰ ਲਈ 11 ਅਰਬ ਰੁਪਏ ਦਾ ਜਹਾਜ਼ ਅਤੇ 1.14 ਅਰਬ ਦੀਆਂ ਗੱਡੀਆਂ ਖ਼ਰੀਦ ਰਹੀ ਹੈ | ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਾਫ਼ਿਜ਼ ਨਈਮ ਨੇ ਦੋਸ਼ ਲਗਾਇਆ ਕਿ ਅਸਲ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਟੈਕਸਾਂ ਰਾਹੀਂ ਇਕੱਠੇ ਕੀਤੇ ਗਏ ਜਨਤਕ ਪੈਸੇ ਇਸ਼ਤਿਹਾਰਾਂ 'ਤੇ ਖ਼ਰਚ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਗਰੀਬੀ ਸਭ ਤੋਂ ਵੱਧ ਵਧੀ ਹੈ ਅਤੇ ਸੂਬੇ 'ਚ ਲਗਭਗ ਇਕ ਕਰੋੜ ਬੱਚੇ ਅਜੇ ਵੀ ਸਕੂਲ ਤੋਂ ਬਾਹਰ ਹਨ |