ਨਵੀਂ ਦਿੱਲੀ, 27 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਤੋਂ ਬਾਅਦ ਦੇ ਪਹਿਲੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਹਰ ਸੁਧਾਰ ਅਤੇ ਬਜਟ ਦੀ ਹਰ ਵੰਡ 'ਵਿਕਸਿਤ ਭਾਰਤ 2027' ਦੇ ਟੀਚੇ ਦੀ ਦਿਸ਼ਾ 'ਚ ਇਕ ਅਹਿਮ ਕਦਮ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੀਤੀਗਤ ਫ਼ੈਸਲਿਆਂ ਦਾ ਮਕਸਦ ਲੰਬੇ ਸਮੇਂ ਦੇ ਵਿਕਾਸ ਨੂੰ ਗਤੀ ਦੇਣਾ ਅਤੇ ਦੇਸ਼ ਨੂੰ ਵਿਕਸਿਤ ਅਰਥਚਾਰੇ ਵੱਲ ਲੈ ਕੇ ਜਾਣਾ ਹੈ | ਮੋਦੀ ਨੇ ਉਦਯੋਗ ਜਗਤ ਨੂੰ ਨਿਦੇਸ਼ ਅਤੇ ਨਵੀਆਂ ਤਕਨੀਕਾਂ ਦੇ ਨਾਲ ਅੱਗੇ ਆਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਜਦੋਂ ਸਰਕਾਰ 'ਚ ਉਦਯੋਗ ਅਤੇ ਗਿਆਨ ਖੇਤਰ ਨਾਲ ਜੁੜੇ ਲੋਕ ਇਕੱਠੇ ਆਉਂਦੇ ਹਨ ਤਾਂ ਸੁਧਾਰ ਨਤੀਜਿਆਂ ਦੇ ਬਦਲਦੇ ਹਨ ਅਤੇ ਕਾਗਜ਼ 'ਤੇ ਕੀਤੇ ਐਲਾਨ ਜ਼ਮੀਨੀ ਪੱਧਰ 'ਤੇ ਉਪਲਬਧੀਆਂ 'ਚ ਤਬਦੀਲ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸੁਧਾਰਾਂ ਦੀ ਗਤੀ ਬਣਾਏ ਰੱਖਣ ਲਈ ਸਿਰਫ਼ ਨੀਤੀ ਨਿਰਮਾਣ ਨਹੀਂ ਸਗੋਂ ਬਿਹਤਰ ਢੰਗ ਨਾਲ ਲਾਗੂ ਕਰਨ 'ਤੇ ਵੀ ਉਨ੍ਹਾਂ ਹੀ ਧਿਆਨ ਦੇਣਾ ਹੋਏਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ 'ਚ ਭਾਰਤ ਨੇ ਬੇਮਿਸਾਲ ਮਜ਼ਬੂਤੀ ਦਾ ਵਿਖਾਵਾ ਕੀਤਾ ਹੈ | ਸਰਕਾਰ ਦੇ ਅਮਲਾਂ ਨੂੰ ਸੁਖਾਲਾ ਬਣਾਇਆ ਅਤੇ ਕਾਰੋਬਾਰ ਆਸਾਨ ਬਣਾਉਣ 'ਚ ਕਾਫ਼ੀ ਕਦਮ ਚੁੱਕੇ ਹਨ | ਉਨ੍ਹਾਂ ਸਰਕਾਰ, ਉਦਯੋਗ, ਵਿੱਤੀ ਸੰਸਥਾਵਾਂ ਅਤੇ ਸਿੱਖਿਆ ਮਾਹਿਰਾਂ ਦਰਮਿਆਨ ਇਕ ਸਪੱਸ਼ਟ 'ਸੁਧਾਰ ਭਾਈਵਾਲੀ ਚਾਰਟਰ' ਬਣਾਉਣ ਦਾ ਵੀ ਸੁਝਾਅ ਦਿੱਤਾ, ਜੋ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਟੀਚੇ ਨੂੰ ਹਾਸਿਲ ਕਰਨ ਦੀ ਦਿਸ਼ਾ 'ਚ ਅਹਿਮ ਦਸਤਾਵੇਜ਼ ਹੋਵੇਗਾ |