6378 ਠੇਕਿਆਂ ਲਈ 5 ਤੋਂ ਸ਼ੁਰੂ ਹੋਵੇਗਾ ਅਰਜ਼ੀਆਂ ਲੈਣ ਦਾ ਕੰਮ <br/>
ਅਜੀਤ ਡੈਸਕ
28-02-2026
ਜਲੰਧਰ, 27 ਫਰਵਰੀ (ਸ਼ਿਵ ਸ਼ਰਮਾ)-ਨਵੀਂ ਸ਼ਰਾਬ ਨੀਤੀ ਨੂੰ ਮਨਜੂਰੀ ਦੇਣ ਤੋਂ ਬਾਅਦ ਆਬਕਾਰੀ ਵਿਭਾਗ ਵੱਲੋਂ ਪੰਜਾਬ ਦੇ 207 ਗਰੁੱਪਾਂ ਦਾ 6378 ਸ਼ਰਾਬ ਦੇ ਠੇਕਿਆਂ ਲਈ ਕੰਮ ਦੇਣ ਲਈ ਅਰਜ਼ੀਆਂ ਲੈਣ ਦਾ ਕੰਮ 5 ਮਾਰਚ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ | ਕਾਰੋਬਾਰ ਦੇਣ ਲਈ ਆਬਕਾਰੀ ਵਿਭਾਗ ਵੱਲੋਂ 5 ਮਾਰਚ ਤੋਂ ਲੈ ਕੇ 13 ਮਾਰਚ ਤੱਕ ਕੀਤਾ ਜਾਵੇਗਾ | ਆਬਕਾਰੀ ਵਿਭਾਗ ਵੱਲੋਂ 14 ਮਾਰਚ ਨੂੰ ਅਰਜ਼ੀਆਂ ਦੀ ਛਾਣਬੀਣ ਕਰਕੇ ਸ਼ਰਾਬ ਕਾਰੋਬਾਰੀਆਂ ਦੇ ਲਾਇਸੈਂਸਾਂ ਨੂੰ ਨਵਿਆ ਕੇ ਅਲਾਟ ਕਰਨ ਬਾਰੇ ਫ਼ੈਸਲਾ ਕਰ ਦਿੱਤਾ ਜਾਵੇਗਾ ਤੇ ਇਸ ਦਿਨ ਜਿਹੜੇ ਸ਼ਰਾਬ ਦੇ ਗਰੁੱਪ ਵਿਕਣ ਤੋਂ ਰਹਿ ਜਾਣਗੇ, ਉਨਾਂ ਨੂੰ 15 ਮਾਰਚ ਨੂੰ ਈ-ਟੈਂਡਰ ਰਾਹੀਂ ਵੇਚਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਆਬਕਾਰੀ ਵਿਭਾਗ ਨੇ ਪਿਛਲੇ ਸਾਲਾਂ ਦੀ ਸ਼ਰਾਬ ਨੀਤੀ ਨੂੰ ਬਹਾਲ ਰੱਖਦੇ ਹੋਏ ਇਸ ਬਾਰ ਨਵੀਂ ਸ਼ਰਾਬ ਨੀਤੀ ਵਿਚ ਵੀ ਮੌਜੂਦਾ ਸ਼ਰਾਬ ਕਾਰੋਬਾਰੀਆਂ ਦੇ ਲਾਇਸੈਂਸਾਂ ਦਾ 6.5 ਫੀਸਦੀ ਮਾਲੀਏ ਵਿਚ ਵਾਧਾ ਕਰਕੇ ਉਨਾਂ ਦਾ ਨਵੀਨੀਕਰਨ ਕਰਕੇ ਕੰਮ ਅਲਾਟ ਕਰਨ ਦਾ ਫ਼ੈਸਲਾ ਕੀਤਾ ਸੀ | ਲਾਇਸੈਂਸਾਂ ਦਾ ਨਵੀਨੀਕਰਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਵਿਭਾਗ ਵੱਲੋਂ ਬਚੇ ਹੋਏ ਗਰੁੱਪਾਂ ਨੂੰ ਟੈਂਡਰਾਂ ਰਾਹੀਂ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਆਬਕਾਰੀ ਵਿਭਾਗ ਨੇ ਇਸ ਬਾਰ ਮਾਲੀਏ ਵਿਚ ਜ਼ਿਆਦਾ ਵਾਧਾ ਨਾ ਕਰਕੇ ਅਤੇ ਮੌਜੂਦਾ ਕਾਰੋਬਾਰੀਆਂ ਦੇ ਲਾਇਸੈਂਸਾਂ ਨੂੰ ਨਵਿਆ ਕੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ | ਦੂਜੇ ਪਾਸੇ ਆਬਕਾਰੀ ਵਿਭਾਗ ਵੱਲੋਂ ਪਹਿਲੀ ਵਾਰ 40 ਡਿਗਰੀ ਵਾਲੀ ਸ਼ਰਾਬ ਦੀ ਵਿੱਕਰੀ ਸ਼ੁਰੂ ਕਰਨ ਨਾਲ ਸਰਕਾਰ ਦੇ ਮਾਲੀਏ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਹੁਣ ਤੱਕ ਦਰਿਆਵਾਂ ਦੇ ਕੰਢੇ ਵਿਕਣ ਵਾਲੀ ਬਿਨਾਂ ਡਿਗਰੀ ਵਾਲੀ ਸ਼ਰਾਬ ਦੀ ਵਿੱਕਰੀ ਨਾਲ ਲੋਕਾਂ ਦੀ ਜਾਨ ਜਾਣ ਦੀ ਸ਼ੰਕਾ ਬਣੀ ਰਹਿੰਦੀ ਹੈ | ਇਸ ਬਾਰੇ ਬਾਜ਼ਾਰ ਵਿਚ 40 ਡਿਗਰੀ ਦੀ ਸ਼ਰਾਬ ਆਉਣ ਨਾਲ ਦਰਿਆਵਾਂ ਦੇ ਕੰਢੇ ਕੱਢੀ ਜਾਂਦੀ ਨਾਜਾਇਜ ਤੌਰ 'ਤੇ ਬਣਦੀ ਸ਼ਰਾਬ ਦੀ ਵਿੱਕਰੀ ਨੂੰ ਵੱਡਾ ਧੱਕਾ ਲੱਗੇਗਾ | ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਬਕਾਰੀ ਵਿਭਾਗ ਵੱਲੋਂ ਨਾਜਾਇਜ ਸ਼ਰਾਬ ਦੀ ਵਿੱਕਰੀ 'ਤੇ ਵੀ ਸਖ਼ਤੀ ਨਾਲ ਰੋਕ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਆਬਕਾਰੀ ਵਿਭਾਗ ਨੇ ਜਿੱਥੇ ਪਿਛਲੇ ਸਾਲ ਸਾਲ 2025-26 ਵਿਚ 12500 ਕਰੋੜ ਦਾ ਕਾਰੋਬਾਰ ਵੇਚਿਆ ਸੀ ਤਾਂ ਇਸ ਵਿੱਤੀ ਵਰੇ੍ਹ 2026-27 ਵਿਚ ਸ਼ਰਾਬ ਕਾਰੋਬਾਰ 12800 ਕਰੋੜ ਵੇਚਣ ਜਾ ਰਿਹਾ ਹੈ |