ਚੰਡੀਗੜ੍ਹ, 27 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)ਨਿਆਂਪਾਲਿਕਾ 'ਚ ਇਕ ਮਹੱਤਵਪੂਰਨ ਪ੍ਰਸ਼ਾਸਕੀ ਫੇਰਬਦਲ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੀਨੀਅਰ ਜੱਜ ਜਸਟਿਸ ਲੀਸਾ ਗਿੱਲ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਅਗਲਾ ਚੀਫ਼ ਜਸਟਿਸ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਸੁਪਰੀਮ ਕੋਰਟ ਕਾਲਜੀਅਮ ਵਲੋਂ ਉਨ੍ਹਾਂ ਦੇ ਨਾਂਅ ਦੀ ਰਸਮੀ ਤੌਰ 'ਤੇ ਸਿਫ਼ਾਰਸ਼ ਕਰਦੇ ਹੋਏ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ 'ਚ ਤਬਾਦਲੇ ਦਾ ਸੁਝਾਅ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਲਗਭਗ ਤੈਅ ਮੰਨੀ ਜਾ ਰਹੀ ਹੈ | ਮੌਜੂਦਾ ਸਮੇਂ ਦੌਰਾਨ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ 'ਤੇ ਜਸਟਿਸ ਧੀਰਜ ਸਿੰਘ ਠਾਕੁਰ ਸੇਵਾ ਨਿਭਾਅ ਰਹੇ ਹਨ ਅਤੇ ਉਹ ਜਲਦ ਹੀ ਸੇਵਾਮੁਕਤ ਹੋਣ ਵਾਲੇ ਹਨ | ਅਜਿਹੇ 'ਚ ਕਾਲਜੀਅਮ ਨੇ ਪਹਿਲਾਂ ਹੀ ਵਿਰਾਸਤ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਜਸਟਿਸ ਲੀਸਾ ਗਿੱਲ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਜਾਵੇਗਾ | ਜਸਟਿਸ ਲੀਸਾ ਗਿੱਲ ਇਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੀਨੀਅਰਤਾ ਦੇ ਮਾਮਲੇ ਵਿਚ ਤੀਜੇ ਨੰਬਰ 'ਤੇ ਹਨ, ਸਿਰਫ਼ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਹੀ ਉਨ੍ਹਾਂ ਤੋਂ ਸੀਨੀਅਰ ਹਨ | ਜਸਟਿਸ ਲੀਸਾ ਗਿੱਲ ਦਾ ਸੰਬੰਧ ਚੰਡੀਗੜ੍ਹ ਨਾਲ ਰਿਹਾ ਹੈ | ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸੈਕਟਰ 9 ਦੇ ਕਾਰਮੇਲ ਕਾਨਵੈਂਟ ਸਕੂਲ ਤੋਂ ਹਾਸਲ ਕੀਤੀ ਹੈ | ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਨੂੰਨ ਦੀ ਬੈਚਲਰ (ਐਲ.ਐਲ.ਬੀ.) ਅਤੇ ਕਾਨੂੰਨ ਦੀ ਮਾਸਟਰ (ਐਲ.ਐਲ.ਐਮ.) ਦੀਆਂ ਡਿਗਰੀਆਂ ਹਾਸਲ ਕੀਤੀਆਂ | 1990 'ਚ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਕ ਵਕੀਲ ਵਜੋਂ ਵਕਾਲਤ ਸ਼ੁਰੂ ਕੀਤੀ ਅਤੇ ਸਿਵਲ, ਸੰਵਿਧਾਨਕ ਅਤੇ ਸੇਵਾ ਮਾਮਲਿਆਂ 'ਚ ਸਰਗਰਮੀ ਨਾਲ ਪ੍ਰੈਕਟਿਸ ਕੀਤੀ | ਲਗਭਗ ਢਾਈ ਦਹਾਕਿਆਂ ਦੇ ਸਫ਼ਲ ਵਕਾਲਤ ਕਰੀਅਰ ਤੋਂ ਬਾਅਦ 2014 ਵਿਚ ਲੀਸਾ ਗਿੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਸੀ | ਆਪਣੇ ਨਿਆਂਇਕ ਕਰੀਅਰ ਦੌਰਾਨ ਉਨ੍ਹਾਂ ਨੇ ਅÏਰਤਾਂ ਦੇ ਅਧਿਕਾਰਾਂ, ਸੇਵਾ ਮਾਮਲਿਆਂ, ਪ੍ਰਸ਼ਾਸਕੀ ਪਾਰਦਰਸ਼ਤਾ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਾਮਲਿਆਂ ਵਿਚ ਇਤਿਹਾਸਕ ਫ਼ੈਸਲੇ ਦਿੱਤੇ ਹਨ |