ਕੁਝ ਨਿਵੇਸ਼ਕਾਂ ਦੇ ਜਮ੍ਹਾਂ 9999 ਤੋਂ 99,999 ਖਾਤਿਆਂ 'ਚ ਆਏ
ਜ਼ੀਰਾ, 27 ਫਰਵਰੀ (ਰਜਨੀਸ਼ ਕਥੂਰੀਆ)-ਰੀਅਲ ਅਸਟੇਟ ਨਾਲ ਸੰਬੰਧਿਤ ਪਰਲਜ਼ ਕੰਪਨੀ ਵਿਚ ਨਿਵੇਸ਼ਕਾਂ ਦੇ ਫਸੇ ਪੈਸੇ ਪਿਛਲੇ ਕੁਝ ਸਮੇਂ ਤੋਂ ਵਾਪਸ ਮਿਲਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨਿਵੇਸ਼ਕਾਂ ਨੇ ਆਨਲਾਈਨ ਆਪਣੇ ਡਾਕੂਮੈਂਟ ਜਮ੍ਹਾਂ ਕਰਵਾਏ ਹੋਏ ਸਨ | ਉਨ੍ਹਾਂ ਵਿਚੋਂ ਕੁਝ ਨਿਵੇਸ਼ਕਾਂ ਦੇ ਖਾਤਿਆਂ ਵਿਚ 9999 ਰੁਪਏ ਤੋਂ ਲੈ ਕੇ 99,999 ਰੁਪਏ ਤੱਕ ਆ ਚੁੱਕੇ ਹਨ, ਜਿਸ ਤੋਂ ਨਿਵੇਸ਼ਕਾਂ ਦੇ ਵਿਚ ਕੰਪਨੀ ਪਾਸੋਂ ਪੈਸੇ ਵਾਪਸ ਮਿਲਣ ਦੀ ਆਸ ਬੱਝ ਗਈ ਹੈ | ਜਾਣਕਾਰੀ ਅਨੁਸਾਰ ਰੀਅਲ ਅਸਟੇਟ ਨਾਲ ਸੰਬੰਧਿਤ ਪਰਲਜ਼ ਕੰਪਨੀ 1983 ਤੋਂ ਸ਼ੁਰੂ ਹੋਈ ਸੀ, ਜਿਸ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਸਨ | ਇਹ ਕੰਪਨੀ ਰੀਅਲ ਅਸਟੇਟ ਵਿਚ ਪੈਸਾ ਲਗਾਉਣ ਦੇ ਨਾਂਅ 'ਤੇ ਖਪਤਕਾਰਾਂ ਪਾਸੋਂ ਨਿਵੇਸ਼ ਕਰਵਾਉਂਦੀ ਸੀ, ਜਿਸ ਉਪਰ 21 ਅਗਸਤ, 2014 ਨੂੰ ਸਕਿਉਰਿਟੀ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਵਲੋਂ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਡਾਇਰੈਕਟਰ ਨਿਰਮਲ ਸਿੰਘ ਭੰਗੂ ਸਮੇਤ ਕੁਝ ਹੋਰ ਡਾਇਰੈਕਟਰਾਂ ਨੂੰ ਸੀ.ਬੀ.ਆਈ. ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਸੀ | ਇਸ ਤੋਂ ਬਾਅਦ ਦੇਸ਼ ਭਰ ਦੇ ਲਗਭਗ ਪੰਜ ਕਰੋੜ ਨਿਵੇਸ਼ਕਾਂ ਦੇ ਲਗਭਗ 50 ਹਜ਼ਾਰ ਕਰੋੜ ਰੁਪਏ ਕੰਪਨੀ ਵੱਲ ਫਸ ਗਏ ਸਨ | ਹਾਲਾਂਕਿ, ਇਸ ਤੋਂ ਬਾਅਦ ਸੀ.ਬੀ.ਆਈ. ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕੰਪਨੀ ਦੇ ਡਾਇਰੈਕਟਰ ਨਿਰਮਲ ਸਿੰਘ ਭੰਗੂ ਨੇ ਨਿਵੇਸ਼ਕਾਂ ਵਲੋਂ ਆਪਣੀ ਕੰਪਨੀ ਵਿਚ ਨਿਵੇਸ਼ ਕੀਤੇ ਗਏ ਪੈਸੇ ਤੋਂ ਕਈ ਗੁਣਾ ਵੱਧ ਪ੍ਰਾਪਰਟੀ ਕੰਪਨੀ ਕੋਲ ਹੋਣ ਦਾ ਦਾਅਵਾ ਕੀਤਾ ਸੀ | ਇਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਚਲਾਏ ਗਏ ਕੇਸ ਦੌਰਾਨ 2 ਫਰਵਰੀ, 2016 ਨੂੰ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਆਰ.ਐਮ. ਲੋਢਾ ਦੀ ਅਗਵਾਈ ਵਿਚ ਇਕ ਕਮੇਟੀ ਬਣਾ ਕੇ ਕੰਪਨੀ ਦੀਆਂ ਜਾਇਦਾਦਾਂ ਜ਼ਬਤ ਕਰਕੇ ਸੇਬੀ ਨਾਲ ਅਟੈਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੇਚ ਕੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦੀ ਹਦਾਇਤ ਕੀਤੀ ਸੀ | ਇਸ ਸੰਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਦੇ ਵਰਕਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸ਼ਹਿਜ਼ਾਦਾ ਸੰਤ ਸਿੰਘ, ਗੁਰਪ੍ਰੀਤ ਸਿੰਘ ਅਰੋੜਾ ਵਾਸੀ ਜ਼ੀਰਾ, ਜਗਤਾਰ ਸਿੰਘ ਵਾਸੀ ਪਿੰਡ ਕਟੋਰਾ, ਭੱਜਣ ਸਿੰਘ ਮਰਖਾਈ ਵਾਸੀ ਪਿੰਡ ਮਰਖਾਈ, ਰਵਿੰਦਰ ਕੁਮਾਰ ਵਾਸੀ ਕੋਟਕਪੂਰਾ, ਅਰੁਣ ਕੁਮਾਰ ਕਾਲੀਆ ਵਾਸੀ ਹੁਸ਼ਿਆਰਪੁਰ ਆਦਿ ਨਿਵੇਸ਼ਕਾਂ ਦੇ ਖਾਤਿਆਂ ਵਿਚ ਸੇਬੀ ਵਲੋਂ 9999 ਰੁਪਏ ਤੋਂ ਲੈ ਕੇ 99,999 ਰੁਪਏ ਪਾਏ ਜਾ ਚੁੱਕੇ ਹਨ ਅਤੇ ਇਸ ਦੀ ਪੁਸ਼ਟੀ ਲਈ ਸੇਬੀ ਵਲੋਂ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਟੈਕਸਟ ਮੈਸੇਜ ਵੀ ਭੇਜੇ ਗਏ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨਿਵੇਸ਼ਕਾਂ ਵਲੋਂ ਕੰਪਨੀ ਵਿਚ ਪੈਸੇ ਜਮ੍ਹਾਂ ਕਰਵਾਏ ਗਏ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਅੱਪਡੇਟ ਨਹੀਂ ਹਨ, ਉਹ ਆਪਣੇ ਖਾਤੇ ਅੱਪਡੇਟ ਕਰਵਾ ਲੈਣ ਤਾਂ ਜੋ ਬਣਾਈ ਗਈ ਕਮੇਟੀ ਵਲੋਂ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ |
ਨਿਵੇਸ਼ਕਾਂ ਦੇ 'ਪਰਲਜ਼' ਕੰਪਨੀ 'ਚ ਫਸੇ ਪੈਸੇ ਵਾਪਸ ਮਿਲਣੇ ਸ਼ੁਰੂ <br/>
ਅਜੀਤ ਡੈਸਕ
28-02-2026