ਮੂਣਕ (ਸੰਗਰੂਰ), 28 ਫਰਵਰੀ (ਕੇਵਲ ਸਿੰਗਲਾ)-ਮੱਧ ਪੂਰਬ ਵਿਚ ਈਰਾਨ ਦੇ ਨਾਲ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਦਾ ਅਸਰ ਵਿਸ਼ਵ ਅਰਥਵਿਵਸਥਾ 'ਤੇ ਦੇਖਣ ਨੂੰ ਮਿਲ ਰਿਹਾ ਹੈ | ਕੱਚੇ ਤੇਲ, ਸੋਨਾ-ਚਾਂਦੀ ਅਤੇ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਉਤਾਰ-ਚੜ੍ਹਾਅ ਦਰਜ ਕੀਤਾ ਗਿਆ ਹੈ | ਜੰਗੀ ਤਣਾਅ ਕਾਰਨ ਤੇਲ ਸਪਲਾਈ ਵਿਚ ਰੁਕਾਵਟ ਦੇ ਡਰ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਚੜ੍ਹਣ ਲੱਗੀਆਂ ਹਨ | ਭਾਰਤ ਆਪਣੀ ਲਗਭਗ 80-85 ਫ਼ੀਸਦੀ ਤੇਲ ਦੀ ਲੋੜ ਦਰਾਮਦ ਕਰਦਾ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਵਧਦੀਆਂ ਹਨ ਤਾਂ ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋ ਸਕਦੇ ਹਨ | ਇਸ ਦਾ ਸਿੱਧਾ ਅਸਰ ਖੇਤੀਬਾੜੀ ਦੇ ਡੀਜ਼ਲ ਖ਼ਰਚ, ਟਰਾਂਸਪੋਰਟ ਦੇ ਭਾੜੇ ਅਤੇ ਰੋਜ਼ਮਰਾ ਦੀਆਂ ਵਸਤੂਆਂ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ | ਖਾਦ ਅਤੇ ਉਦਯੋਗਿਕ ਉਤਪਾਦਨ ਦੀ ਲਾਗਤ ਵੀ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਮਹਿੰਗਾਈ ਦਾ ਦਬਾਅ ਵਧੇਗਾ | ਜੇ 'ਸਟਰੇਟ ਆਫ਼ ਹਰਮੂਜ' ਦਾ ਰਸਤਾ ਪ੍ਰਭਾਵਿਤ ਜਾਂ ਬੰਦ ਹੁੰਦਾ ਹੈ, ਜੋ ਦੁਨੀਆ ਦੇ ਲਗਭਗ 20 ਫ਼ੀਸਦੀ ਕੱਚੇ ਤੇਲ ਦੀ ਆਵਾਜਾਈ ਲਈ ਅਹਿਮ ਮਾਰਗ ਹੈ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆ ਸਕਦਾ ਹੈ | ਇਸ ਨਾਲ ਭਾਰਤ ਦਾ ਦਰਾਮਦੀ ਬਿੱਲ ਕਾਫ਼ੀ ਵਧ ਸਕਦਾ ਹੈ, ਰੁਪਏ 'ਤੇ ਦਬਾਅ ਪਵੇਗਾ ਅਤੇ ਮਹਿੰਗਾਈ ਵਿਚ ਹੋਰ ਤੇਜ਼ੀ ਆ ਸਕਦੀ ਹੈ ਭਾਰਤ ਦੁਨੀਆ ਦੇ ਵੱਡੇ ਚੌਲ ਬਰਾਮਦਕਾਰ ਦੇਸ਼ਾਂ 'ਚੋਂ ਇਕ ਹੈ | ਮੱਧ ਪੂਰਬ ਦੇ ਕਈ ਦੇਸ਼ ਭਾਰਤੀ ਚੌਲਾਂ ਦੇ ਵੱਡੇ ਖ਼ਰੀਦਦਾਰ ਹਨ | ਜੇ ਜੰਗ ਕਾਰਨ ਸਮੁੰਦਰੀ ਰਸਤੇ ਅਸੁਰੱਖਿਅਤ ਹੁੰਦੇ ਹਨ ਤਾਂ ਚੌਲਾਂ ਦੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ, ਜਿਸ ਦਾ ਅਸਰ ਕਿਸਾਨਾਂ ਅਤੇ ਬਰਾਮਦਕਾਰਾਂ 'ਤੇ ਪੈ ਸਕਦਾ ਹੈ | ਜੰਗੀ ਮਾਹੌਲ ਵਿਚ ਨਿਵੇਸ਼ਕ ਆਮ ਤੌਰ 'ਤੇ ਸੁਰੱਖਿਅਤ ਨਿਵੇਸ਼ ਵੱਲ ਰੁਝਾਨ ਕਰਦੇ ਹਨ | ਇਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਆ ਰਹੀ ਹੈ | ਦੂਜੇ ਪਾਸੇ, ਜੰਗ ਦੀਆਂ ਖ਼ਬਰਾਂ ਨਾਲ ਭਾਰਤੀ ਸ਼ੇਅਰ ਬਾਜ਼ਾਰ ਵਿਚ ਅਸਥਿਰਤਾ ਦੇਖੀ ਜਾ ਰਹੀ ਹੈ ਅਤੇ ਵਿਦੇਸ਼ੀ ਨਿਵੇਸ਼ਕ ਜੋਖ਼ਮ ਘਟਾਉਣ ਲਈ ਪੂੰਜੀ ਬਾਹਰ ਕੱਢ ਸਕਦੇ ਹਨ | ਵਿਸ਼ਲੇਸ਼ਕਾਂ ਅਨੁਸਾਰ ਜੇ ਜੰਗ ਲੰਬੇ ਸਮੇਂ ਤੱਕ ਚੱਲਦੀ ਹੈ ਤਾਂ ਭਾਰਤੀ ਦਰਾਮਦ ਤੇ ਬਰਾਮਦ ਪ੍ਰਭਾਵਿਤ ਹੋਣ ਕਾਰਨ ਇਸ ਦਾ ਗੰਭੀਰ ਅਸਰ ਭਾਰਤੀ ਅਰਥਵਿਵਸਥਾ 'ਤੇ ਪੈ ਸਕਦਾ ਹੈ, ਜਿਸ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਸੁਸਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |